ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 2 ਨਵੰਬਰ
ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਨਿਹਾਲ ਸਿੰਘ ਵਾਲਾ ਸਥਿਤ ਰਲਾਇੰਸ ਤੇਲ ਪੰਪ ’ਤੇ ਧਰਨਾ ਅੱਜ ਛੱਬੀਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਪੰਜ ਨਵੰਬਰ ਦੇ ਭਾਰਤ ਬੰਦ ਦੀ ਸਫ਼ਲਤਾ ਲਈ ਜਨਤਕ ਜਥੇਬੰਦੀਆਂ ਅਧਾਰਤ ਕਿਸਾਨ ਘੋਲ ਸਹਾਇਤਾ ਵੱਲੋਂ ਪਿੰਡਾਂ ਵਿੱਚ ਮੀਟਿੰਗਾ ਸਰਗਰਮੀਂ ਨਾਲ ਜਾਰੀ ਹਨ। ਇੰਦਰਮੋਹਨ ਸਿੰਘ ਪੱਤੋ ਦੀ ਪ੍ਰਧਾਨਗੀ ਅਤੇ ਗੁਰਦੀਪ ਸਿੰਘ ਰੌਂਤਾ ਦੀ ਅਗਵਾਈ ਹੇਠ ਲਗਾਏ ਧਰਨੇ ਸਮੇਂ ਅਮਰਜੀਤ ਸਿੰਘ ਸੈਦੋਕੇ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕੇਂਦਰ ਸਰਕਾਰ ਦੀ ਨਿੰਦਾ ਕੀਤੀ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਦਰਸ਼ਨ ਸਿੰਘ ਹਿੰਮਤਪੁਰਾ, ਡੀਟੀਐੱਫ਼ ਦੇ ਅਮਨਦੀਪ ਮਾਛੀਕੇ, ਨੌਜਵਾਨ ਭਾਰਤ ਸਭਾ ਦੇ ਗੁਰਮੁਖ ਹਿੰਮਤਪੁਰਾ ਤੇ ਕਰਮ ਰਾਮਾ ਅਤੇ ਲੋਕ ਅਧਿਕਾਰ ਲਹਿਰ ਦੇ ਬਲਵਿੰਦਰ ਸਿਂਘ ਤੇ ਰੁਪਿੰਦਰ ਜੀਤ ਸਿੰਘ ਨੇ ਸੰਬੋਧਨ ਕੀਤਾ।
ਜ਼ੀਰਾ(ਹਰਮੇਸ਼ ਪਾਲ ਨੀਲੇਵਾਲਾ): ਇਥੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਕੋਟਕਰੋੜ ਟੌਲ ਪਲਾਜ਼ੇ ’ਤੇ ਲਾਇਆ ਧਰਨਾ 33ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ। ਅੱਜ ਦੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਤੇ ਔਰਤਾਂ ਸ਼ਾਮਿਲ ਹੋਈਆਂ। ਇਸ ਮੌਕੇ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ, ਲੋਕ ਸੰਗਰਾਮ ਮੋਰਚੇ ਦੇ ਆਗੂ ਦਲਵਿੰਦਰ ਸਿੰਘ ਸ਼ੇਰ ਖਾਂ, ਪਰਮਜੀਤ ਸਿੰਘ ਜ਼ੀਰਾ ਤੋਂ ਇਲਾਵਾ ਅਵਤਾਰ ਸਿੰਘ ਫੇਰੋਕੇ, ਜਗਰਾਜ ਸਿੰਘ, ਛਿੰਦਾ ਸਿੰਘ, ਜਸਵੀਰ ਸਿੰਘ, ਰਣਜੀਤ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ। ਇਸੇ ਤਰ੍ਹਾਂ ਫ਼ਿਰੋਜ਼ਪੁਰ- ਜ਼ੀਰਾ ਸੜਕ ’ਤੇ ਸਥਿਤ ਪਿੰਡ ਵਲੂਰ ਵਿੱਚ ਰਿਲਾਇੰਸ ਪੰਪ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਗਾਇਆ ਧਰਨਾ ਅੱਜ 33ਵੇਂ ਦਿਨ ਵੀ ਜਾਰੀ ਰਿਹਾ।
ਬਰੇਟਾ(ਸੱਤ ਪ੍ਰਕਾਸ਼ ਸਿੰਗਲਾ): ਸਥਾਨਕ ਰੇਲਵੇ ਸਟੇਸ਼ਨ ’ਤੇ ਸਾਂਝਾ ਕਿਸਾਨ ਮੋਰਚਾ ਵੱਲੋਂ ਅਤੇ ਰਲਾਇੰਸ ਦੇ ਪੈਟਰੋਲ ਪੰਪ ’ਤੇ ਉਗਰਾਹਾਂ ਗਰੁੱਪ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਧਰਨੇ ਲਗਾਤਾਰ ਜਾਰੀ ਹਨ। ਅੱਜ ਦੇ ਧਰਨੇ ਨੂੰ ਜਸਵੀਰ ਸਿੰਘ, ਛੋਟਾ ਸਿੰਘ ਕੁਲਰੀਆਂ, ਜਸਕਰਨ ਬਾਵਾ, ਗੁਰਜੰਟ ਸਿੰਘ, ਜਗਰੂਪ ਸਿੰਘ ਮਘਾਣੀਆਂ, ਵਸਾਵਾ ਸਿੰਘ ਧਰਮਪੁਰਾ, ਤਾਰਾ ਚੰਦ ਬਰੇਟਾ, ਲਛਮਣ ਸਿੰਘ ਨੇ ਸੰਬੋਧਨ ਕੀਤਾ।
ਭੁੱਚੋ ਮੰਡੀ(ਪਵਨ ਗੋਇਲ): ਇਥੇ ਖੇਤੀ ਕਨੂੰਨਾਂ ਖ਼ਿਲਾਫ਼ 33 ਦਿਨਾਂ ਤੋਂ ਚੱਲ ਰਹੇ ਮੋਰਚਿਆਂ ਵਿੱਚ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਫੈਸਲਿਆਂ ਵਿਰੁੱਧ ਰੱਜ ਕੇ ਭੜਾਸ ਕੱਢੀ ਅਤੇ ਮੋਦੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਬੈਸਟ ਪ੍ਰਾਈਸ ਮੋਰਚੇ ਵਿੱਚ ਬਲਾਕ ਆਗੂ ਹੁਸ਼ਿਆਰ ਸਿੰਘ, ਗੁਰਜੰਟ ਸਿੰਘ, ਅਜਮੇਰ ਸਿੰਘ ਅਤੇ ਜ਼ਿਲ੍ਹਾ ਆਗੂ ਕਰਮਜੀਤ ਕੌਰ ਨੇ ਕਿਹਾ 5 ਨਵੰਬਰ ਨੂੰ ਦੇਸ਼ ਵਿੱਚ ਮੁਕੰਮਲ ਜਾਮ ਲਗਾ ਕੇ ਮੋਦੀ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ।
ਜਲਾਲਾਬਾਦ(ਚੰਦਰ ਪ੍ਰਕਾਸ਼ ਕਾਲੜਾ): ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਵਲੋਂ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਵੱਲੋਂ 34ਵੇਂ ਦਿਨ ਜਲਾਲਾਬਾਦ ਤੋਂ ਫਿਰੋਜ਼ਪੁਰ ਰੋਡ ’ਤੇ ਮਾਹਮੂਜੋਈਆ ਟੌਲ ਪਲਾਜ਼ਾ, ਈ.ਜੀ.ਡੇ. ਅਤੇ ਰਿਲਾਇੰਸ ਪੰਪ ਦੇ ਬਾਹਰ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਚੱਲ ਰਹੇ ਪੱਕੇ ਮੋਰਚੇ ’ਚ ਅੱਜ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਮੰਨੇਵਾਲਾ, ਜਿਲਾ ਮੀਤ ਪ੍ਰਧਾਨ ਸਤਪਾਲ ਸਿੰਘ ਭੋਡੀਪੁਰ, ਇਕਬਾਲ ਚੰਦ ਪਾਲਾ ਬੱਟੀ ਨੇ ਸਬੋਧਨ ਕੀਤਾ।
ਪੰਜਾਬੀ ਗਾਇਕ ਅੱਜ ਕਿਸਾਨ ਧਰਨੇ ’ਚ ਜੈਤੋ ਆਉਣਗੇ
ਬਠਿੰਡਾ/ਜੈਤੋ(ਸ਼ਗਨ ਕਟਾਰੀਆ): ਬਠਿੰਡਾ ਜ਼ਿਲ੍ਹੇ ’ਚ ਭਾਜਪਾ ਆਗੂਆਂ ਦੇ ਘਰਾਂ, ਪੂੰਜੀਪਤ ਘਰਾਣਿਆਂ ਦੇ ਪੈਟਰੋਲ ਪੰਪਾਂ, ਸ਼ਾਪਿੰਗ ਮਾਲ’ਜ਼, ਰੇਲ ਪਟੜੀਆਂ ਅਤੇ ਟੌਲ ਪਲਾਜ਼ਿਆਂ ਦੇ ਘਿਰਾਓ ਜਾਰੀ ਰਹੇ। ਜੈਤੋ ਤੇ ਰੋਮਾਣਾ ਅਲਬੇਲ ਸਿੰਘ ਦੇ ਰੇਲਵੇ ਸਟੇਸ਼ਨਾਂ ਤੋਂ ਇਲਾਵਾ ਜੈਤੋ ਸਥਿਤ ਰਿਲਾਇੰਸ ਪੈਟਰੌਲ ਪੰਪ ’ਤੇ ਵੀ ਧਰਨਿਆਂ ਦਾ ਪ੍ਰਵਾਹ ਪਹਿਲਾਂ ਵਾਂਗ ਜਾਰੀ ਰਿਹਾ। ਪੰਜਾਬੀ ਗਾਇਕ ਹਰਿੰਦਰ ਸੰਧੂ ਅਤੇ ਭਿੰਦੇ ਸ਼ਾਹ ਰਾਜੋਵਾਲੀਆ 3 ਨਵੰਬਰ ਨੂੰ ਦੁਪਹਿਰ 12 ਵਜੇ ਜੈਤੋ ਸਥਿਤ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਕਿਸਾਨ ਧਰਨੇ ਵਿਚ ਪਹੁੰਚਣਗੇ।