ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 4 ਜਨਵਰੀ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪਿਛਲੇ 15 ਦਿਨਾਂ ਤੋਂ ਮੁਕਤਸਰ ਦੇ ਡੀਸੀ ਦਫਤਰ ਮੂਹਰੇ ਚਲਾਏ ਜਾ ਰਹੇ ਦਿਨ-ਰਾਤ ਦੇ ਧਰਨੇ ਨੇ ਕਿਸਾਨਾਂ ਦਾ ਸਿਰੜ ਪ੍ਰਤੱਖ ਕਰ ਦਿੱਤਾ ਹੈ। ਅੱਤ ਦੀ ਠੰਢ, ਮੀਂਹ ਤੇ ਕੋਹਰੇ ਵਿੱਚ ਕਿਸਾਨ ਆਪੋ-ਆਪਣੇ ਮੋਰਚਿਆਂ ’ਤੇ ਡਟੇ ਹੋਏ ਹਨ। ਕੋਈ ਲੰਗਰ ਬਣਾ ਰਿਹਾ ਹੈ, ਕੋਈ ਸਫਾਈ ਕਰ ਰਿਹਾ ਹੈ, ਕੋਈ ਮੀਂਹ ਤੋਂ ਬਚਾਅ ਲਈ ਤਰਪਾਲਾਂ ਤੇ ਮੋਮੀ ਕਾਗਜ਼ ਪਾ ਰਿਹਾ ਹੈ, ਕੋਈ ਝਾੜੂ ਲਾ ਰਿਹਾ ਹੈ ਅਤੇ ਕੋਈ ਸਪੀਕਰ ਤੇ ਹੋਰ ਪ੍ਰਬੰਧ ਕਰ ਰਿਹਾ ਹੈ। ਕਿਸਾਨ ਆਗੂ ਗੁਰਭਗਤ ਸਿੰਘ ਭਲਾਈਆਣਾ, ਗੁਰਪਾਸ਼ ਸਿੰਘ ਸਿੰਘੇਵਾਲਾ, ਭੁਪਿੰਦਰ ਸਿੰਘ ਚੰਨੂ, ਹਰਬੰਸ ਸਿੰਘ ਕੋਟਲੀ ਅਤੇ ਹਰਫੂਲ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੇ ਡੀਸੀ ਦਫਤਰ ਦੇ ਤਿੰਨੇ ਦਰਵਾਜ਼ੇ ਬੰਦ ਕਰ ਦਿੱਤੇ ਹਨ। ਮਜਬੂਰ ਹੋਏ ਡੀਸੀ ਆਪਣੇ ਕੈਂਪ ਆਫਿਸ ਤੋਂ ਕੰਮ ਕਰ ਰਹੇ ਹਨ। ਕਰਮਚਾਰੀ ਤੇ ਆਮ ਲੋਕਾਂ ਨੂੰ ਵੀ ਦਫਤਰ ਵਿੱਚ ਜਾਣ ਲਈ ਕੰਡਿਆਲੀ ਤਾਰ ਟੱਪਣੀ ਪੈਂਦੀ ਹੈ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਫ਼ਸਲੀ ਮੁਆਵਜ਼ਾ ਤੇ ਹੋਰ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਪੱਕਾ ਧਰਨਾ ਅੱਜ ਵਰ੍ਹਦੇ ਮੀਂਹ ’ਚ 16ਵੇਂ ਦਿਨ ਅਤੇ ਸਕੱਤਰੇਤ ਦਾ ਘਿਰਾਓ ਪੰਜਵੇਂ ਦਿਨ ਵੀ ਜਾਰੀ ਰਿਹਾ। ਸਕੱਤਰੇਤ ਗੇਟ ਬੰਦ ਹੋਣ ਨਾਲ ਡੀਸੀ, ਐੱਸਐੱਸਪੀ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਦਫ਼ਤਰਾਂ ਵਿੱਚ ਨਾ ਪੁੱਜ ਸਕੇ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੇ ਕੇ ਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ ਕਿਸਨਪੁਰਾ, ਬਲੌਰ ਸਿੰਘ ਘਾਲੀ, ਜੇਈ ਲਖਵੀਰ ਸਿੰਘ ਤੂਰ ਖੋਸਾ ਪਾਂਡੋ ਨੇ ਚੰਨੀ ਸਰਕਾਰ ਦੀ ਟਾਲ ਮਟੋਲ ਨੀਤੀ ਦੀ ਨਿਖ਼ੇਧੀ ਕੀਤੀ।
ਬਰਨਾਲਾ (ਪਰਸ਼ੋਤਮ ਬੱਲੀ): ਕਿਸਾਨ ਮੰਗਾਂ ਨੂੰ ਲੈ ਕੇ ਬੀਕੇਯੂ ਉਗਰਾਹਾਂ ਦੀ ਅਗਵਾਈ ਹੇਠ ਡੀ.ਸੀ. ਦਫ਼ਤਰ ਬਰਨਾਲਾ ਅੱਗੇ ਲੱਗਾ ਜ਼ਿਲ੍ਹਾ ਪੱਧਰੀ ਧਰਨਾ 16ਵੇਂ ਦਿਨ ਵੀ ਜਾਰੀ ਰਿਹਾ। ਡੀਸੀ ਕੰਪਲੈਕਸ ਦੇ ਪ੍ਰਸ਼ਾਸਨਿਕ ਦਫ਼ਤਰਾਂ ਦੇ ਗੇਟਾਂ ਦਾ ਘਿਰਾਓ ਵੀ ਕਿਸਾਨ ਬੀਬੀਆਂ ਨੇ ਜਾਰੀ ਰੱਖਿਆ। ਬੁਲਾਰਿਆਂ ’ਚ ਸ਼ਾਮਲ ਜ਼ਿਲ੍ਹਾ ਆਗੂ ਭਗਤ ਸਿੰਘ ਛੰਨਾ, ਦਰਸ਼ਨ ਸਿੰਘ ਭੈਣੀ ਮਹਿਰਾਜ, ਕਮਲਜੀਤ ਕੌਰ ਬਰਨਾਲਾ, ਬਲਾਕ ਆਗੂ ਜਰਨੈਲ ਸਿੰਘ ਜਵੰਦਾ, ਤੇ ਬਲੌਰ ਸਿੰਘ ਛੰਨਾ ਨੇ ਕਿਹਾ ਕਿ ਕੇਂਦਰੀ ਤੇ ਸੂਬਾ ਸਰਕਾਰਾਂ ਕਿਰਤੀਆਂ ਦਾ ਹੀ ਨਹੀਂ, ਸਗੋਂ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਦੀਆਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 5 ਜਨਵਰੀ ਨੂੰ ਭਾਰੀ ਇਕੱਠ ਕਰਕੇ ਸ਼ਹਿਰਾਂ ਵਿੱਚ ਰੋਸ ਮੁਜ਼ਾਹਰੇ ਕਰਕੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣਗੇ।
ਮਾਨਸਾ (ਜੋਗਿੰਦਰ ਸਿੰਘ ਮਾਨ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਭਖਦੇ ਕਿਸਾਨ ਮਸਲਿਆਂ ਸਬੰਧੀ ਲਗਾਤਾਰ ਟਾਲ-ਮਟੋਲ ਵਾਲੀ ਕਿਸਾਨ ਵਿਰੋਧੀ ਨੀਤੀ ਖਿਲਾਫ਼ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਾ ਘਿਰਾਓ ਭਾਵੇਂ ਅੱਜ ਮੁਤਲਵੀ ਕਰ ਦਿੱਤਾ ਗਿਆ ਹੈ, ਪਰ ਜਥੇਬੰਦੀ ਵੱਲੋਂ ਮੀਂਹ ਪੈਂਦੇ ਦੌਰਾਨ ਵੀ ਲਗਾਤਾਰ 16ਵੇਂ ਦਿਨ ਧਰਨਾ ਜਾਰੀ ਰਿਹਾ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ 7 ਜਨਵਰੀ ਨੂੰ ਰੱਖੀ ਗਈ ਮੀਟਿੰਗ ਵਿੱਚ ਮੁੱਖ ਮੰਤਰੀ ਦੇ ਹੁੰਗਾਰੇ ਨੂੰ ਮੁੱਖ ਰੱਖਦਿਆਂ ਸੰਘਰਸ਼ ਦੇ ਅਗਲੇ ਪ੍ਰੋਗਰਾਮ ਦਾ ਫੈਸਲਾ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਜਾਵੇਗਾ ਅਤੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਨੇੜੇ ਧਰਨੇ ਕਿਸਾਨੀ ਮੰਗਾਂ ਮੰਨਣ ਤੱਕ ਲਗਾਤਾਰ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੇ ਵਿਰੋਧ ਵਿੱਚ ਪਿੰਡ-ਪਿੰਡ ਭਲਕੇ ਅਰਥੀ ਫੂਕ ਮੁਜਾਹਰੇ ਕੀਤੇ ਜਾਣਗੇ।