ਨਿੱਜੀ ਪੱਤਰ ਪੇ੍ਰਕ
ਫ਼ਿਰੋਜ਼ਪੁਰ,7 ਜੁਲਾਈ
ਪੰਜਾਬ ਦੇ ਦਸ ਮੈਰੀਟੋਰੀਅਸ ਸਕੂਲਾਂ ਵਿਚ ਦਾਖ਼ਲੇ ਸਬੰਧੀ ਲਈ ਗਈ ਪ੍ਰੀਖਿਆ ਦੇ ਅੱਜ ਐਲਾਨੇ ਗਏ ਨਤੀਜਿਆਂ ਵਿਚ ਇਥੋਂ ਦੇ ਪਿੰਡ ਬੇਲਾ ਸਿੰਘ ਵਾਲਾ ਦੇ ਹਾਈ ਸਕੂਲ ਦੀ ਪਲਕਦੀਪ ਕੌਰ ਨੇ ਸੌ ਵਿਚੋਂ 97 ਨੰਬਰ ਲੈ ਕੇ ਪੰਜਾਬ ਭਰ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਪ੍ਰੀਖਿਆ ਵਿਚ ਉਸਨੇ ਦਸਵੀਂ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੁਝ ਦਿਨ ਪਹਿਲਾਂ ਐਲਾਨੇ ਗਏ ਨਤੀਜਿਆਂ ਵਿਚ ਸੂਬੇ ਵਿਚ ਪਹਿਲੇ ਨੰਬਰ ’ਤੇ ਆਈ ਫ਼ਿਰੋਜ਼ਪੁਰ ਦੀ ਨੈਨਸੀ ਰਾਣੀ ਨੂੰ ਪਿੱਛੇ ਛੱਡ ਦਿੱਤਾ ਹੈ। ਨੈਨਸੀ ਨੇ ਇਸ ਪ੍ਰੀਖਿਆ ਵਿਚ 89 ਨੰਬਰ ਹਾਸਲ ਕੀਤੇ ਹਨ ਤੇ ਉਸਨੂੰ ਵੀ ਫ਼ਿਰੋਜ਼ਪੁਰ ਦੇ ਮੈਰੀਟੋਰੀਅਸ ਸਕੂਲ ਵਿਚ ਦਾਖ਼ਲਾ ਮਿਲ ਗਿਆ ਹੈ।
ਪਿੰਡ ਚੰਗਾਲੀ ਜਦੀਦ ਦੀ ਰਹਿਣ ਵਾਲੀ ਪਲਕਦੀਪ ਕੌਰ ਦੇ ਅੱਵਲ ਆਉਣ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਤੇ ਡਿਪਟੀ ਡੀਈੳ ਕੋਮਲ ਅਰੋੜਾ ਨੇ ਉਸਨੂੰ ਵਧਾਈ ਦਿੰਦਿਆਂ ਕਿਹਾ ਕਿ ਇੱਕ ਹਫ਼ਤੇ ਵਿਚ ਫ਼ਿਰੋਜ਼ਪੁਰ ਦੀਆਂ ਦੋ ਵਿਦਿਆਰਥਣਾਂ ਨੇ ਪੰਜਾਬ ਵਿਚ ਇਸ ਸਰਹੱਦੀ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਬੇਲਾ ਸਿੰਘ ਵਾਲਾ ਹਾਈ ਸਕੂਲ ਦੀਆਂ ਪੰਜ ਹੋਰ ਵਿਦਿਆਰਥਣਾਂ ਨੇਹਾ, ਕਿਰਨਦੀਪ ਕੌਰ, ਮਨਜਿੰਦਰ ਕੌਰ, ਸੰਦੀਪ ਕੌਰ ਅਤੇ ਮਨਦੀਪ ਕੌਰ ਨੂੰ ਵੀ ਇਥੋਂ ਦੇ ਮੈਰੀਟੋਰੀਅਸ ਸਕੂਲ ਵਿਚ ਦਾਖ਼ਲਾ ਮਿਲ ਗਿਆ ਹੈ। ਸਕੂਲ ਦੇ ਮੁੱਖ ਅਧਿਆਪਕ ਬੇਅੰਤ ਸਿੰਘ ਨੇ ਇਨ੍ਹਾਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਦਸ ਮੈਰੀਟੋਰੀਅਸ ਸਕੂਲ ਖੋਲ੍ਹੇ ਗਏ ਹਨ ਅਤੇ ਇਨ੍ਹਾਂ ਸਕੂਲਾਂ ਵਿਚ ਵਿਦਿਆਰਥੀਆਂ ਵਾਸਤੇ ਪੰਜ ਹਜ਼ਾਰ ਸੀਟਾਂ ਰੱਖੀਆਂ ਗਈਆਂ ਹਨ। ਗਿਆਰਵੀਂ ਤੇ ਬਾਰ੍ਹਵੀਂ ਜਮਾਤ ਦੇ ਕਾਮਰਸ, ਨਾਨ ਮੈਡੀਕਲ ਅਤੇ ਮੈਡੀਕਲ ਦੇ ਵਿਦਿਆਰਥੀਆਂ ਨੂੰ ਇਨ੍ਹਾਂ ਸਕੂਲਾਂ ਵਿਚ ਪੜ੍ਹਾਈ, ਖਾਣਾ-ਪੀਣਾ ਅਤੇ ਕਿਤਾਬਾਂ ਤੱਕ ਮੁਫ਼ਤ ਦਿੱਤੀਆਂ ਜਾਂਦੀਆਂ ਹਨ।