ਮਹਿੰਦਰ ਸਿੰਘ ਰੱਤੀਆਂ
ਮੋਗਾ, 23 ਜੂਨ
ਸੂਬੇ ਭਰ ਦੀਆਂ ਵਾਤਾਵਰਨ ਪੱਖੀ ਸੰਸਥਾਵਾਂ ਤੇ ਆਮ ਨਾਗਰਿਕਾਂ ਨੇ ਸਾਂਝੀ ਜਨਤਕ ਮੁਹਿੰਮ ‘ਰੁੱਖ ਮਰੂ, ਮਨੁੱਖ ਮਰੂ’, ‘ਰੁੱਖ ਬਚਾਓ, ਮਨੁੱਖ ਬਚਾਓ’ ਵਿੱਢੀ ਹੈ। ਇਸ ਮੁਹਿੰਮ ਦੀ ਅਗਵਾਈ ਨਰੋਆ ਪੰਜਾਬ ਮੰਚ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਉੱਘੇ ਵਕੀਲ ਹਰੀ ਚੰਦ ਅਰੋੜਾ ਕਰ ਰਹੇ ਹਨ।
ਮੰਚ ਦੇ ਸੂਬਾਈ ਆਗੂ ਤੇ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਉਨ੍ਹਾਂ ਨੇ ਸੂਬਾ ਭਰ ਦੇ ਨਾਗਰਿਕਾਂ ਅਤੇ ਗ਼ੈਰ ਸਰਕਾਰੀ ਸੰਗਠਨਾਂ ਨੂੰ ਮੁੱਖ ਮੰਤਰੀ ਪੰਜਾਬ ਨੂੰ ਈ-ਮੇਲ ਲਿਖ ਕੇ ਅਗਲੇ 10 ਸਾਲਾਂ ਲਈ ਦਰੱਖਤਾਂ ’ਤੇ ਕੁਹਾੜਾ ਚਲਾਉਣ ’ਤੇ ਪੂਰਨ ਪਾਬੰਦੀ ਲਾਉਣ ਦੀ ਦੀ ਮੰਗ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਰੁੱਖਾਂ ਹੇਠਲਾ ਰਕਬਾ ਦੇਸ਼ ਵਿੱਚੋਂ ਸਭ ਤੋਂ ਘੱਟ 3.5 ਫ਼ੀਸਦੀ ਹੈ। ਉਨ੍ਹਾਂ ਆਖਿਆ ਕਿ ਪਿਛਲੇ ਸਾਲਾਂ ਦੌਰਾਨ ਪੰਜਾਬ ਵਿੱਚ ਬਹੁਤ ਸਾਰੇ ਪੁਰਾਣੇ ਰੁੱਖਾਂ ਦੀ ਕਟਾਈ ਹੋਈ ਹੈ, ਜਿਸ ਨੂੰ ਅੱਗੋਂ ਰੋਕਣ ਲਈ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਲਈ ਸਰਕਾਰ ਤੋਂ ਦਰੱਖਤਾਂ ’ਤੇ ਕੁਹਾੜਾ ਮਾਰਨ ’ਤੇ 10 ਸਾਲ ਲਈ ਪੂਰੀ ਤਰ੍ਹਾਂ ਰੋਕ ਲਗਾਉਣ ਦੀ ਬੇਨਤੀ ਕਰ ਰਹੇ ਹਨ। ਇੰਜਨੀਅਰ ਕਪਿਲ ਦੇਵ ਅਰੋੜਾ ਨੇ ਦੱਸਿਆ ਕਿ ਉਹ ਪੰਜਾਬ ਦੇ ਜੰਗਲਾਤ ਅਤੇ ਗ਼ੈਰ ਜੰਗਲ ਵਿਚਲੇ ਰੁੱਖਾਂ ਨੂੰ ਬਚਾਉਣ ਲਈ ਜੱਦੋ-ਜਹਿਦ ਕਰ ਰਹੇ ਹਨ।
ਨਰੋਆ ਪੰਜਾਬ ਮੰਚ ਦੇ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਕਿਹਾ ਕਿ ਬਹੁਤ ਸਾਰੇ ਡਾਕਟਰ, ਵਕੀਲ, ਇੰਜਨੀਅਰ, ਕਲਾਕਾਰ, ਕਾਰੋਬਾਰੀ ਅਤੇ ਪੱਤਰਕਾਰ ਇਸ ਅੰਦੋਲਨ ਦਾ ਸਮਰਥਨ ਕਰ ਰਹੇ ਹਨ ਅਤੇ ਕਈ ਮਸ਼ਹੂਰ ਹਸਤੀਆਂ ਨੇ ਵੀ ਇਸ ਦਾ ਸਮਰਥਨ ਕੀਤਾ ਹੈ। ਉੱਘੇ ਚਿੰਤਕ ਬਲਤੇਜ ਪੰਨੂ ਪਟਿਆਲਾ, ਇੰਜਨੀਅਰ ਜਸਕੀਰਤ ਸਿੰਘ ਲੁਧਿਆਣਾ, ਡਾ. ਏੱਐਸ ਮਾਨ ਸੰਗਰੂਰ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਕੁਲਦੀਪ ਸਿੰਘ ਚੁਨਾਗਰਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਮੁਹਿੰਮ ਨੂੰ ਪਿੰਡ ਪੱਧਰ ’ਤੇ ਲੈ ਕੇ ਜਾਣਾ ਪਵੇਗਾ ਤਾਂ ਜੋ ਪੰਜਾਬ ਦੇ ਵਾਤਾਵਰਨ ਨੂੰ ਬਚਾਉਣ ਲਈ ਹੰਭਲਾ ਵੱਜ ਸਕੇ।
ਉਨ੍ਹਾਂ ਦੱਸਿਆ ਕਿ ਉਹ ਪ੍ਰਸਤਾਵਿਤ ਪਾਬੰਦੀ ਦੇ ਸਮਰਥਨ ਵਿੱਚ ਪੰਜਾਬ ਦੀਆਂ ਵਾਤਾਵਰਨ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਜਿਵੇਂ ਪਿੰਗਲਵਾੜਾ ਅੰਮ੍ਰਿਤਸਰ ਦੇ ਮੁਖੀ ਬੀਬੀ ਇੰਦਰਜੀਤ ਕੌਰ, ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਨਾਲ ਵੀ ਤਾਲਮੇਲ ਕਰ ਰਹੇ ਹਨ ਤਾਂ ਕਿ ਇਹ ਵਿਸ਼ਾਲ ਲੋਕ ਲਹਿਰ ਬਣ ਸਕੇ। ਉਨ੍ਹਾਂ ਨੇ ਹਰ ਪੰਜਾਬੀ ਨੂੰ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਨੂੰ ਮੁੱਖ ਰੱਖਦਿਆਂ ਮੁੱਖ ਮੰਤਰੀ ਪੰਜਾਬ ਨੂੰ ਈ-ਮੇਲ ਕਰਨ ਦੀ ਅਪੀਲ ਕੀਤੀ।