ਅੰਮ੍ਰਿਤਪਾਲ ਸਿੰਘ ਧਾਲੀਵਾਲ
ਰੂੜੇਕੇ ਕਲਾਂ, 18 ਜੁਲਾਈ
ਬਰਨਾਲਾ-ਮਾਨਸਾ ਮੁੱਖ ਮਾਰਗ ‘ਤੇ ਪਿੰਡ ਧੌਲਾ ਨੇੜੇ ਇਕ ਪ੍ਰਾਈਵੇਟ ਕੰਪਨੀ ਦੇ ਗੁਦਾਮ ਨੂੰ ਰਾਹ ਦੇਣ ਲਈ ਵਣ ਵਿਭਾਗ ਬਰਨਾਲਾ ਦੇ ਅਧਿਕਾਰੀਆਂ ਨੇ ਮੁੱਖ ਮਾਰਗ ਦੇ ਦੇਵੇਂ ਪਾਸੇ ਖੜ੍ਹੇ ਰੁੱਖਾਂ ’ਤੇ ਲਾਲ ਰੰਗ ਦੇ ਨਿਸ਼ਾਨ ਲਗਾ ਉਨ੍ਹਾਂ ਨੂੰ ਵੱਢਣ ਦੀ ਤਿਆਰੀ ਕਰ ਲਈ ਹੈ। ਵੱਢੇ ਜਾ ਰਹੇ ਹਰੇ ਰੁੱਖਾਂ ਨੂੰ ਬਚਾਉਣ ਲਈ ਇਲਾਕੇ ਦੇ ਵਾਤਾਵਰਨ ਪ੍ਰੇਮੀਆਂ ਨੇ ਇਕੱਠੇ ਹੋ ਕੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ਼ ਸੰਘਰਸ਼ ਦਾ ਐਲਾਨ ਕੀਤਾ ਹੈ। ਮੁੱਖ ਮਾਰਗ ਤੋਂ ਸਰਕਾਰੀ ਰੁੱਖਾਂ ਨੂੰ ਵੱਢਣ ਦਾ ਤਿੱਖਾ ਵਿਰੋਧ ਕਰਦਿਆਂ ਇਲਾਕੇ ਦੇ ਵਾਤਾਵਰਨ ਪ੍ਰੇਮੀਆਂ ਗੁਰਸੇਵਕ ਸਿੰਘ ਧੌਲਾ ,ਗੁਰਪ੍ਰੀਤ ਸਿੰਘ ਕਾਹਨੇਕੇ ਅਤੇ ਸੁਖਪਾਲ ਸਿੰਘ ਜੱਸਲ ਸਣੇ ਹੋਰਾਂ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਰੁੱਖ ਵੱਢ ਕੇ ਇਕ ਕੰਪਨੀ ਦੇ ਗੁਦਾਮ ਨੂੰ ਰਾਹ ਦਿੱਤਾ ਜਾ ਰਿਹਾ ਹੈ। ਇਕ ਪਾਸੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਪੰਜਾਬ ਸਰਕਾਰ ਬੂਟੇ ਲਗਾਉਣ ਦੀਆਂ ਮੁਹਿੰਮਾਂ ਚਲਾ ਰਹੀਆਂ ਹਨ, ਦੂਜੇ ਪਾਸੇ ਪਹਿਲਾਂ ਖੜ੍ਹੇ ਸਰਕਾਰੀ ਰੁੱਖਾਂ ਨੂੰ ਵੱਢਿਆ ਜਾ ਰਿਹਾ ਹੈ। ਵਾਤਾਵਰਨ ਪ੍ਰੇਮੀਆਂ ਨੇ ਕਿਹਾ ਕਿ ਬਰਨਾਲਾ- ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ ਤੋਂ ਹਰੇ ਭਰੇ ਰੁੱਖ ਕੱਟਣ ਦੇ ਜ਼ਿੰਮੇਵਾਰ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਖਿਲਾਫ਼ ਹਾਈ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੋਲ ਅਪੀਲ ਪਾਈ ਜਾਵੇਗੀ। ਇਕੱਤਰ ਹੋਏ ਵਾਤਾਵਰਨ ਪ੍ਰੇਮੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ.ਸੀ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਮੁੱਖ ਮਾਰਗ ਤੋਂ ਹਰੇ ਭਰੇ ਰੁੱਖ ਕੱਟਣ ਦਾ ਫੈਸਲਾ ਤੁਰੰਤ ਵਾਪਸ ਲਿਆ ਜਾਵੇ।
ਮਨਜ਼ੂਰੀ ਮਗਰੋਂ ਵੱਢੇ ਜਾਣਗੇ ਦਰੱਖ਼ਤ: ਬੀਟ ਅਫ਼ਸਰ
ਇਸ ਸਬੰਧੀ ਵਣ ਵਿਭਾਗ ਬਰਨਾਲਾ ਦੇ ਬੀਟ ਅਫ਼ਸਰ ਗੁਰਤੇਜ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਰੁੱਖ ਵੱਢਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਗਦੇਵ ਟਰੇਨਿੰਗ ਨਾਮੀ ਕੰਪਨੀ ਨੇ ਰਾਹ ਲੈਣ ਲਈ ਅਪਲਾਈ ਕੀਤਾ ਹੈ। ਮਨਜ਼ੂਰੀ ਲਈ ਫ਼ਾਈਲ ਉੱਚ ਅਧਿਕਾਰੀਆਂ ਨੂੰ ਭੇਜੀ ਹੈ, ਮਨਜ਼ੂਰੀ ਮਿਲਣ ਉਪਰੰਤ ਹੀ ਰੁੱਖ ਕੱਟੇ ਜਾਣਗੇ।