ਪੱਤਰ ਪ੍ਰੇਰਕ
ਟੱਲੇਵਾਲ, 2 ਅਕਤੂਬਰ
ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬਰੇਰੀ ਦੀਵਾਨਾ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਖੇਡ ਮੈਦਾਨ ਵਿੱਚ ‘ਓਪਨ ਮਿੰਨੀ ਲਾਇਬ੍ਰੇਰੀ’ ਸਥਾਪਿਤ ਕੀਤੀ ਗਈ। ਲਾਇਬਰੇਰੀ ਪ੍ਰਬੰਧਕ ਪਰਦੀਪ ਦੀਵਾਨਾ ਅਤੇ ਵਰਿੰਦਰ ਦੀਵਾਨਾ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਵੱਲੋਂ ਪਿੰਡ ਵਾਸੀਆਂ ਅਤੇ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਬਣਾਏ ਇਸ ਖੇਡ ਮੈਦਾਨ ਵਿੱਚ ਸਵੇਰ ਸ਼ਾਮ ਵੱਡੀ ਗਿਣਤੀ ਵਿੱਚ ਲੋਕ ਸੈਰ ਕਰਨ ਆਉਂਦੇ ਹਨ। ਇਸ ਕਰਕੇ ਸੈਰ ਕਰਨ ਆਉਂਦੇ ਪਿੰਡ ਵਾਸੀਆਂ ਨੂੰ ਕਿਤਾਬਾਂ ਨਾਲ ਜੋੜਨ ਦੇ ਮਕਸਦ ਨਾਲ ਇਹ ਲਾਇਬਰੇਰੀ ਸਥਾਪਿਤ ਕੀਤੀ ਗਈ ਹੈ। ਕੋਈ ਵੀ ਵਿਅਕਤੀ ਬਿਨਾਂ ਕਿਸੇ ਦੀ ਰੋਕ ਟੋਕ ਤੋਂ ਇਸ ਲਾਇਬਰੇਰੀ ਤੋਂ ਕਿਤਾਬਾਂ ਲਿਜਾ ਸਕਦਾ ਹੈ ਅਤੇ ਇਮਾਨਦਾਰੀ ਨਾਲ ਖ਼ੁਦ ਕਿਤਾਬਾਂ ਵਾਪਸ ਰੱਖੇਗਾ। ਇਸ ਮਿੰਨੀ ਲਾਇਬਰੇਰੀ ਲਈ ਨਾਹਰ ਸਿੰਘ ਢਿੱਲੋਂ ਦੀ ਨਿੱਘੀ ਯਾਦ ’ਚ ਉਨਾਂ ਦੇ ਲੜਕੇ ਗੁਰਪ੍ਰੀਤ ਸਿੰਘ ਕੰਡਕਟਰ ਅਤੇ ਪਾਲ ਸਿੰਘ ਦੇ ਲੜਕੇ ਕੁਲਵਿੰਦਰ ਸਿੰਘ ਇੰਸਪੈਕਟਰ ਵਲੋਂ ਸਾਂਝੇ ਤੌਰ ’ਤੇ ਸਹਿਯੋਗ ਦਿੱਤਾ ਗਿਆ ਹੈ। ਇਸ ਮੌਕੇ ਹਾਕੀ ਕੋਚ ਅਮਰਜੀਤ ਸਿੰਘ ਸੋਹੀ, ਪੁਸਤਕ ਪ੍ਰੇਮੀ ਸੁਰਜੀਤ ਸਿੰਘ, ਲੇਖ ਰਾਜ, ਖੇਡ ਪ੍ਰੇਮੀ ਰਾਜਾ ਢਿੱਲੋਂ, ਗੁਰਦੀਪ ਸਿੰਘ ਫ਼ੌਜੀ ਨੇ ਇਸ ਉਪਰਾਲੇ ਦੀ ਸ਼ਾਲਾਘਾ ਕੀਤੀ।