ਪਰਸ਼ੋਤਮ ਬੱਲੀ
ਬਰਨਾਲਾ, 14 ਦਸੰਬਰ
ਤਿੰਨ ਖੇਤੀ ਵਿਰੋਧੀ ਕਾਨੂੰਨਾਂ ਤੇ ਬਿਜਲੀ ਸੋਧ ਬਿਲ-2020 ਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਜੁਰਮਾਨਾ ਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖ਼ਿਲਾਫ਼ 30 ਕਿਸਾਨ ਜਥੇਬੰਦੀਆਂ ਵੱਲੋਂ 75ਵੇਂ ਦਿਨ ਹੱਡ ਚੀਰਵੀਂ ਠੰਡ ਦੇ ਬਾਵਜੂਦ ਵੀ ਡੀਸੀ ਦਫ਼ਤਰ ਬਰਨਾਲਾ ਅੱਗੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ। ਸਾਂਝਾ ਕਿਸਾਨ ਮੋਰਚਾ ਨੇ ਸਮੁੱਚੇ ਮੁਲਕ ’ਚ ਅੱਜ ਡੀਸੀ ਦਫਤਰਾਂ ਅੱਗੇ ਵਿਸ਼ਾਲ ਧਰਨੇ ਤੇ ਮਾਰਚ ਕਰਨ ਦਾ ਸੱਦਾ ਦਿੱਤਾ ਸੀ। ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੌਰ, ਗੁਰਚਰਨ ਸਿੰਘ, ਨਛੱਤਰ ਸਿੰਘ ਸਹੌਰ, ਬਾਰਾ ਸਿੰਘ ਬਦਰਾ, ਪਰਮਿੰਦਰ ਸਿੰਘ ਹੰਢਿਆਇਆ, ਕਰਨੈਲ ਸਿੰਘ ਗਾਂਧੀ , ਨਿਰਭੈ ਸਿੰਘ, ਮਲਕੀਤ ਸਿੰਘ ਈਨਾ, ਜਗਸੀਰ ਸਿੰਘ ਸੰਧੂ ਆਦਿ ਨੇ ਕਿਹਾ ਕਿ ਚੱਲ ਰਿਹਾ ਸੰਘਰਸ਼ ਸੜਕੀ ਜਾਮ, ਭਾਰਤ ਬੰਦ ਵਰਗੇ ਅਹਿਮ ਪੜਾਅ ਸਰ ਕਰਨ ਤੋਂ ਬਾਅਦ ਮੁਲਕ ਪੱਧਰੇ ਸਾਂਝੇ ਸੱਦਿਆਂ ਵਰਗੇ ਅਹਿਮ ਪੜਾਅ ਵਿੱਚ ਦਾਖਲ ਹੋ ਗਿਆ ਹੈ। ਆਗੂਆਂ ਕਿਹਾ ਕਿ ਮੋਦੀ ਹਕੂਮਤ ਹੱਡ ਚੀਰਵੀਂ ਠੰਢ ਦੇ ਬਾਵਜੂਦ ਸਾਡੇ ਸਿਦਕ ਦੀ ਪਰਖ ਕਰ ਰਹੀ ਹੈ। ਦਰਜਨ ਤੋਂ ਵਧੇਰੇ ਸ਼ਹਾਦਤਾਂ ਹੋ ਚੁੱਕੀਆਂ ਹਨ ਇਸ ਦੇ ਬਾਵਜੂਦ ਵਧਦੇ ਕਾਫਲੇ ਮੋਦੀ ਹਕੂਮਤ ਨੂੰ ਲਲਕਾਰ ਰਹੇ ਰਹੇ ਹਨ। ਸਾਂਝਾ ਕਿਸਾਨ ਮੋਰਚਾ ਦੀ ਅਗਵਾਈ ਹੇਠ ਚੱਲ ਰਹੇ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਟੌਲ ਪਲਾਜ਼ਾ ਮਹਿਲਕਲਾਂ ’ਚ ਵੀ ਵੱਡਾ ਇਕੱਠ ਵੇਖਣ ਤੇ ਲੋਕਾਈ ਦਾ ਗੁੱਸਾ ਵੇਖਣ ਨੂੰ ਮਿਲਆ। ਬੁਲਾਰਿਆਂ ਨੇ ਸਾਂਝੇ ਕਿਸਾਨ ਸੰਘਰਸ਼ ਨਾਲ ਇੱਕਮੁਠਤਾ ਦਾ ਪ੍ਰਗਟਾਵਾ ਕਰਦਿਆਂ ਮੋਦੀ ਸਰਕਾਰ ਨੂੰ ਸਖਤ ਲਹਿਜੇ ਵਿੱਚ ਇਹ ਕਾਲੇ ਕਾਨੂੰਨ ਵਾਪਸ ਲੈਣ ਦੀ ਚਿਤਾਵਨੀ ਦਿੱਤੀ।
ਕਿਸਾਨੀ ਸੰਘਰਸ਼ ਦੀ ਹਮਾਇਤ ’ਚ ਮਸ਼ਾਲ ਮਾਰਚ
ਸਾਦਿਕ (ਪੱਤਰ ਪ੍ਰੇਰਕ) ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਮੁੱਖ ਚੌਕ _ਚ ਵਪਾਰ ਮੰਡਲ ਸਾਦਿਕ ਵੱਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਮਸ਼ਾਲ ਮਾਰਚ ਕੱਢਿਆ ਗਿਆ, ਜਿਸ ਵਿੱਚ ਵੱਡੀ ਗਿਣਤੀ ਦੁਕਾਨਦਾਰ, ਕਿਸਾਨ, ਮਜaਦੂਰ ਸ਼ਾਮਲ ਹੋਏ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਵਪਾਰ ਮੰਡਲ ਆਗੂ ਅਪਾਰ ਸਿੰਘ ਸੰਧੂ, ਡੀਟੀਐੱਫ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ, ਬੀਕੇਯੂ ਬਲਾਕ ਪ੍ਰਧਾਨ ਜਗਸੀਰ ਸਿੰਘ ਤੇ ਬਖਤੌਰ ਸਿੰਘ ਨੇ ਆਖਿਆ ਕਿ ਲੋਕ ਮਾਰੂ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਹਰ ਵਰਗ ਵੱਲੋਂ ਸਹਿਯੋਗ ਮਿਲ ਰਿਹਾ ਹੈ।