ਪੱਤਰ ਪ੍ਰੇਰਕ
ਗਿੱਦੜਬਾਹਾ, 20 ਜੁਲਾਈ
ਆਨਲਾਈਨ ਇਸ਼ਤਿਹਾਰ ਦੇਖ ਕੇ ਖੁਦ ਨੂੰ ਫੌਜੀ ਦੱਸਦੇ ਹੋਏ ਇੱਕ ਵਿਅਕਤੀ ਕੋਲੋਂ ਮੋਬਾਈਲ ਫੋਨ ਖਰੀਦਣਾ ਇੱਕ ਵਿਅਕਤੀ ਨੂੰ 16 ਲੱਖ ਰੁਪਏ ਵਿੱਚ ਪਿਆ ਜਦਕਿ ਐਨੇ ਪੈਸੇ ਅਦਾ ਕਰਨ ਦੇ ਬਾਵਜੂਦ ਉਸ ਨੂੰ ਫੋਨ ਤੱਕ ਨਹੀਂ ਮਿਲਿਆ। ਥਾਣਾ ਕੋਟਭਾਈ ਦੀ ਪੁਲੀਸ ਨੇ ਪੀੜਤ ਦੀ ਸ਼ਿਕਾਇਤ ’ਤੇ 15 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਮਾਮਲੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕੁਲਦੀਪ ਸਿੰਘ ਪੁੱਤਰ ਨੈਬ ਸਿੰਘ ਨੇ ਦੱਸਿਆ ਕਿ ਉਸ ਨੇ ਫੇਸਬੁੱਕ ’ਤੇ ਇੱਕ ਆਈਫੋਨ 11 ਪ੍ਰੋ ਮੋਬਾਈਲ ਦੇਖਿਆ ਜਿਸ ਨੂੰ ਵੇਚਣ ਲਈ ਸ਼ੇਸ਼ ਕੁਮਾਰ ਮਲਵੀ ਵਾਸੀ ਨਿਊਟੌਨ ਚਿਕਲੀ ਤਹਿਸੀਲ ਪਰਾਸ਼ਿਆ, ਛਿੰਦਵਾੜਾ, ਮੱਧ ਪ੍ਰਦੇਸ਼ ਵੱਲੋਂ ਇਸ਼ਤਿਹਾਰ ਪਾਇਆ ਗਿਆ ਸੀ। ਉਸ ਨਾਲ ਕੁਲਦੀਪ ਦੀ 50 ਹਜ਼ਾਰ ਰੁਪਏ ਵਿੱਚ ਗੱਲਬਾਤ ਹੋ ਗਈ। ਸ਼ੇਸ਼ ਕੁਮਾਰ ਨੇ ਆਪਣਾ ਖਾਤਾ ਨੰਬਰ ਵੀ ਭੇਜ ਦਿੱਤਾ ਜਿਸ ਵਿੱਚ ਕੁਲਦੀਪ ਨੇ ਪਹਿਲਾਂ 27 ਜੁਲਾਈ 2020 ਨੂੰ 10 ਹਜ਼ਾਰ ਰੁਪਏ ਜਮ੍ਹਾਂ ਕਰਵਾ ਦਿੱਤੇ ਅਤੇ ਬਾਕੀ ਪੈਸੇ ਫੋਨ ਦੀ ਡਿਲਿਵਰੀ ਹੋਣ ’ਤੇ ਦੇਣੇ ਸਨ ਅਤੇ ਡਿਲਿਵਰੀ ਚਾਰਜ ਵਜੋਂ ਇਕ ਹਜ਼ਾਰ ਰੁਪਏ ਵੀ ਦੇਣੇ ਸਨ।
ਮੁਲਜ਼ਮਾਂ ਨੇ ਵੱਖ-ਵੱਖ ਬਹਾਨੇ ਲਗਾ ਕੇ ਸ਼ਿਕਾਇਤਕਰਤਾ ਕੋਲੋਂ 16 ਲੱਖ ਰੁਪਏ ਜਮ੍ਹਾਂ ਕਰਵਾ ਲਏ ਪਰ ਉਸ ਨੂੰ ਮੋਬਾਈਲ ਫਿਰ ਵੀ ਨਹੀਂ ਮਿਲਿਆ। ਉਸ ਨੇ ਪੁਲੀਸ ਪਾਸ ਸ਼ਿਕਾਇਤ ਕੀਤੀ। ਪੁਲੀਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਵੱਖ ਵੱਖ ਸੂਬਿਆਂ ਦੇ 15 ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।