ਪੱਤਰ ਪ੍ਰੇਰਕ
ਸ਼ਹਿਣਾ, 23 ਅਪਰੈਲ
ਬਲਵੰਤ ਗਾਰਗੀ ਯਾਦਗਾਰੀ ਟਰੱਸਟ ਸ਼ਹਿਣਾ ਵੱਲੋਂ ਸਥਾਨਕ ਨਹਿਰੀ ਕੋਠੀ ਵਿਚ ‘ਬਲਵੰਤ ਗਾਰਗੀ ਜੀਵਨੀ, ਰਚਨਾ ਅਤੇ ਚਰਚਾ’ ਸਬੰਧੀ ਪ੍ਰੋਗਰਾਮ ਟਰੱਸਟ ਦੇ ਪ੍ਰਧਾਨ ਕੁਲਵੰਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਰਬਿਨ ਕੱਟ ਕੇ ਕੀਤੀ।
ਇਸ ਸਮੇਂ ਸੁਰਜੀਤ ਸਿੰਘ ਸੰਧੂ, ਡਾਕਟਰ ਕੁਲਦੀਪ ਸਿੰਘ ਦੀਪ, ਹਰਭੇਜ ਸਿੰਘ ਸਿੱਧੂ, ਪਵਨ ਹਰਚੰਦ ਪੁਰੀ ਨੇ ਬਲਵੰਤ ਗਾਰਗੀ ਦੇ ਜੀਵਨ ਫਲਸਫੇ ਬਾਰੇ ਚਾਨਣਾ ਪਾਇਆ। ਸੇਵਾਮੁਕਤ ਪ੍ਰਿੰਸੀਪਲ ਸਤਪਾਲ ਸ਼ਰਮਾ ਨੇ ਬਲਵੰਤ ਗਾਰਗੀ ਦੀ ਪੜ੍ਹਾਈ ਅਤੇ ਜੀਵਨ ਵਿਚ ਆਈਆਂ ਔਕੜਾਂ ਬਾਰੇ ਜਾਣਕਾਰੀ ਦਿੱਤੀ। ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਬਲਵੰਤ ਗਾਰਗੀ ਦਾ ਲਿਖਿਆ ਨਾਟਕ ‘ਲੋਹਾ ਕੁੱਟ’ ਪਾਕਿਸਤਾਨ ਵਿਚ ਤਾਂ ਖੇਡਿਆ ਪਰ ਉਨ੍ਹਾਂ ਦੇ ਜਨਮ ਸਥਲ ਸ਼ਹਿਣਾ ਵਿਚ ਕਦੇ ਨਹੀਂ ਖੇਡਿਆ ਗਿਆ। ਇਸ ਮੌਕੇ ਭਾਸ਼ਾ ਵਿਭਾਗ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਲਾਈ ਗਈ। ਹਲਕਾ ਵਿਧਾਇਕ ਨੇ ਬਲਵੰਤ ਗਾਰਗੀ ਦਾ ਜਨਮ ਸਥਲ ਵੀ ਦੇਖਿਆ ਅਤੇ ਜਨਮ ਸਥਾਨ ਦੀ ਸੰਭਾਲ ਲਈ ਹਰ ਸੰਭਵ ਯਤਨ ਦਾ ਭਰੋਸਾ ਦਿੱਤਾ।