ਮਨੋਜ ਸ਼ਰਮਾ/ਜੋਗਿੰਦਰ ਮਾਨ
ਬਠਿੰਡਾ, ਮਾਨਸਾ, 23 ਜਨਵਰੀ
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦੇਸ ਦੀ ਕੇਂਦਰ ਸਰਕਾਰ ਖ਼ਿਲਾਫ਼ ਸਾਬਕਾ ਫ਼ੌਜੀਆਂ ਦੇ ਕਾਫ਼ਲੇ ਕਮਰ ਕੱਸਣ ਲੱਗੇ ਹਨ। ਜਿਸ ਕਾਰਨ ਅੱਜ ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਦੇ ਫ਼ੌਜੀਆਂ ਨੇ ਗੱਡੀਆਂ ਦੇ ਕਾਫ਼ਲਿਆਂ ਨਾਲ ਰੋਸ ਮਾਰਚ ਕੱਢਦਿਆਂ ਦਿੱਲੀ ਵੱਲ ਨੂੰ ਧੂੜ ਚੜ੍ਹਾ ਦਿੱਤੀ। ਮਾਨਸਾ ਅਤੇ ਬਠਿੰਡੇ ਜ਼ਿਲ੍ਹੇ ਦੇ ਸਾਬਕਾ ਸੈਨਿਕਾਂ ਵੱਲੋਂ ਬਠਿੰਡੇ ਥਰਮਲ ਝੀਲਾਂ ਕੋਲੋਂ ਸ਼ੁਰੂ ਕਰਕੇ ਮਾਨਸਾ ਸ਼ਹਿਰ ਤੱਕ ਗੱਡੀਆਂ ਦੇ ਕਾਫ਼ਲਿਆਂ ਨਾਲ ਰੋਡ ਮਾਰਚ ਕੀਤਾ ਗਿਆ ਜਿਸ ਵਿੱਚ ਕਿਸਾਨ-ਮਜ਼ਦੂਰ ਵਿਰੋਧੀ ਕਾਲੇ ਕਾਨੂੰਨ ਨੂੰ ਵਾਪਸ ਕਰਵਾਉਣ ਲਈ ਸਰਕਾਰ ਦੇ ਅੜੀਅਲ ਰਵੱਈਏ ਪ੍ਰਤੀ ਰੋਸ ਪ੍ਰਗਟ ਕੀਤਾ ਗਿਆ ਅਤੇ ਐਲਾਨ ਕੀਤਾ 26 ਜਨਵਰੀ ਨੂੰ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਣ ਲਈ ਦਿੱਲੀ ਜਾਣ ਦਾ ਸਫਰ ਤੈਅ ਕੀਤਾ ਜਾਵੇਗਾ।