ਨਿੱਜੀ ਪੱਤਰ ਪ੍ਰੇਰਕ
ਬੁਢਲਾਡਾ, 24 ਜੁਲਾਈ
ਜ਼ਿਲ੍ਹਾ ਮਾਨਸਾ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਊਂਡੇਸ਼ਨ ਵੱਲੋਂ ਬੁਢਲਾਡਾ ਦੇ ਸ਼ਹੀਦ ਕੈਪਟਨ ਕੇਕੇ ਗੌੜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿੱਚ ਜ਼ਿਲ੍ਹੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਅਤੇ ਪਹਿਲੀ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ 50 ਕਿਸਮਾਂ ਦੇ ਛਾਂਦਾਰ, ਫੁੱਲਦਾਰ, ਫ਼ਲਦਾਰ, ਸਜਾਵਟੀ, ਦਵਾਈਆਂ ਵਾਲੇ ਅਤੇ ਰਵਾਇਤੀ ਪੌਦੇ ਸ਼ਾਮਲ ਕੀਤੇ ਗਏ। ਇਸ ਪ੍ਰਦਰਸ਼ਨੀ ਵਿੱਚ 3000 ਤੋਂ ਵੱਧ ਵਿਅਕਤੀਆਂ ਨੇ ਹਿੱਸਾ ਲਿਆ। ਇਸ ਦੌਰਾਨ ਲੋਕਾਂ ਨੂੰ ਹਰ ਪੌਦੇ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ, ਨੇਕੀ ਫਾਊਂਡੇਸ਼ਨ ਵੱਲੋਂ ਇਹ ਪੌਦੇ ਉਨ੍ਹਾਂ ਨੂੰ ਵੰਡੇ ਗਏ। ਪ੍ਰਦਰਸ਼ਨੀ ਵਿੱਚ ਰਾਊਂਡ ਗਲਾਸ ਫਾਊਂਡੇਸ਼ਨ ਮੁਹਾਲੀ, ਵਣ ਵਿਭਾਗ ਮਾਨਸਾ, ਵਣ ਵਿਸਥਾਰ ਮੰਡਲ ਬਠਿੰਡਾ ਅਤੇ ਜ਼ਿਲ੍ਹਾ ਪਰਿਸ਼ਦ ਮਾਨਸਾ ਦਾ ਵਿਸ਼ੇਸ਼ ਸਹਿਯੋਗ ਰਿਹਾ। ਉਨ੍ਹਾਂ ਦੱਸਿਆ ਕਿ ਜਿੱਥੇ 5000 ਪੌਦਿਆਂ ਦੀ ਵੰਡ ਕੀਤੀ ਗਈ,ਉੱਥੇ ਹੀ ਰਾਊਂਡ ਗਲਾਸ ਫਾਉਂਡੇਸ਼ਨ ਨਾਲ ਮਿਲਕੇ ਪਾਰਕ, ਝਿੜੀਆਂ, ਛੋਟੇ ਜੰਗਲ ਬਣਾਉਣ ਅਤੇ ਹੋਰ ਸਾਂਝੀਆਂ ਥਾਵਾਂ 6000 ਤੋਂ ਵੱਧ ਪੌਦੇ ਲਗਾਉਣ ਲਈ ਰਜਿਸਟਰੇਸ਼ਨ ਕੀਤੀ ਗਈ। ਇਸ ਮੌਕੇ ਵਣ ਵਿਸਥਾਰ ਮੰਡਲ ਬਠਿੰਡਾ ਤੋਂ ਡੀਐੱਫਓ ਦਲਜੀਤ ਸਿੰਘ, ਸੁਖਜੀਤ ਰਿੰਕਾ, ਨੇਕੀ ਜੀਓਜੀ ਟੀਮ, ਗ੍ਰੀਨ ਐਕਟੀਵਿਸਟ ਟੀਮ, ਵਣ ਵਿਭਾਗ ਦੇ ਕਰਮਚਾਰੀ ਹਾਜ਼ਰ ਸਨ।
ਸਮਾਜ ਸੇਵੀ ਨੇ ਮਾਹਲਾ ਵਿੱਚ ਚਾਰ ਸੌ ਪੌਦੇ ਲਗਵਾਏ
ਸਮਾਲਸਰ (ਪੱਤਰ ਪ੍ਰੇਰਕ): ਮਾਹਲਾ ਕਲਾਂ ਦੀ ਜੰਮਪਲ ਸਮਾਜ ਸੇਵਿਕਾ ਸਰਬਜੀਤ ਕੌਰ ਨੇ ਆਪਣੇ ਪਿੰਡ ਮਾਹਲਾ ਪਿੰਡ ਦੀਆਂ ਵੱਖ ਵੱਖ ਥਾਵਾਂ ’ਤੇ ਚਾਰ ਸੌ ਫਲਦਾਰ ਅਤੇ ਫੁੱਲਾਂ ਵਾਲੇ ਪੌਦੇ ਲਗਵਾਏ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸਮਾਜ ਸੇਵੀ ਜਥੇਬੰਦੀਆਂ ਨੂੰ ਪੌਦੇ ਵੰਡਣ ਦੀ ਥਾਂ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨ ਦੀ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ। ਇਸ ਮੌਕ ਬੂਟਿਆਂ ਵਾਸਤੇ ਟੋਏ ਪੁੱਟਣ ਦੀ ਸੇਵਾ ਛਿੰਦਾ ਸਿੰਘ, ਅਰਮਾਨਦੀਪ ਸਿੰਘ, ਜਗਤਾਰ ਸਿੰਘ, ਅਵਜੋਤ ਸਿੰਘ ਨੇ ਨਿਭਾਈ।