ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 28 ਅਪਰੈਲ
ਪੀਆਰਟੀਸੀ ਦੇ ਬੱਸ ਕੰਡਕਟਰ ਨੂੰ ਉਸ ਸਮੇਂ ਕਰੋਨਾ ਨਿਯਮਾਂ ਦੀ ਪਾਲਣਾ ਕਰਨੀ ਮਹਿੰਗੀ ਪਈ ਜਦੋਂ ਸਥਾਨਕ ਬੱਸ ਸਟੈਂਡ ਵਿੱਚ ਸਰਕਾਰੀ ਹਦਾਇਤਾਂ ਤੋਂ ਵੱਧ ਸਵਾਰੀਆਂ ਚੜ੍ਹਨ ਤੋਂ ਰੋਕਣ ’ਤੇ ਭੜਕੇ ਲੋਕਾਂ ਨੇ ਜਿੱਥੇ ਉਸ ਨਾਲ ਦੁਰਵਿਹਾਰ ਕੀਤਾ, ਉੱਥੇ ਬੱਸ ਦੇ ਸ਼ੀਸ਼ੇ ਵੀ ਭੰਨ ਦਿੱਤੇ। ਕੰਡਕਟਰ ਹਰਦੀਪ ਸਿੰਘ ਨੇ ਦੱਸਿਆ ਕਿ ਬੱਸ ਜਦੋਂ ਰਾਮਪੁਰਾ ਫੂਲ ਦੇ ਬੱਸ ਸਟੈਂਡ ਪਹੁੰਚੀ ਤਾਂ ਇੱਕਦਮ ਸਵਾਰੀਆਂ ਬੱਸ ਵਿੱਚ ਚੜ੍ਹਨ ਲੱਗੀਆਂਂ। ਉਸਨੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਵਾਰੀਆਂ ਪੂਰੀਆਂ ਹੋਣ ਦੀ ਦੁਹਾਈ ਦੇ ਕੇ ਬਾਕੀ ਸਵਾਰੀਆਂ ਨੂੰ ਬੱਸ ਵਿੱਚ ਚੜ੍ਹਨ ਤੋਂ ਰੋਕਿਆ ਪਰ ਕੁਝ ਵਿਅਕਤੀ ਧੱਕੇ ਨਾਲ ਚੱਲਦੀ ਬੱਸ ਵਿੱਚ ਚੜ੍ਹਨ ਲੱਗੇ ਜਿਸ ਕਾਰਨ ਇੱਕ ਵਿਅਕਤੀ ਡਿੱਗ ਪਿਆ ਤੇ ਉਨ੍ਹਾਂ ਇਕੱਠੇ ਹੋ ਕੇ ਉਸ ਨਾਲ ਦੁਰਵਿਹਾਰ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਸਵਾਰੀਆਂ ਦਾ ਕਹਿਣਾ ਸੀ ਕਿ ਜਦੋਂ ਉਹ ਬਠਿੰਡਾ ਜਾਣ ਲਈ ਬੱਸ ਵਿੱਚ ਚੜ੍ਹਨ ਲੱਗੇ ਤਾਂ ਕੰਡਕਟਰ ਨੇ ਉਨ੍ਹਾਂ ਦੀਆਂ ਚਾਰ ਸਵਾਰੀਆਂ ਨੂੰ ਚੜ੍ਹਾ ਲਿਆ ਤੇ ਬਾਕੀ ਵਿਅਕਤੀ ਜਿਸ ਵਿੱਚ ਦੋ ਬੰਦੇ ਵੀ ਸ਼ਾਮਲ ਸਨ, ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ ਜਿਸ ’ਤੇ ਉਨ੍ਹਾਂ ਰੌਲਾ ਪਾਇਆ ਕਿ ਜਾਂ ਤਾਂ ਉਹ ਉਨ੍ਹਾਂ ਨੂੰ ਵੀ ਉਤਾਰ ਦੇਵੇ ਤੇ ਜਾਂ ਉਨ੍ਹਾਂ ਨੂੰ ਵੀ ਚੜ੍ਹਾ ਲਵੇ, ਪਰ ਕੰਡਕਟਰ ਨੇ ਉਨ੍ਹਾਂ ਦੀ ਇੱਕ ਨਾ ਸੁਣੀ ਤੇ ਬੱਸ ਤੋਰ ਲਈ। ਉਨ੍ਹਾਂ ਦੋਸ਼ ਲਾਇਆ ਕਿ ਕੰਡਕਟਰ ਨੇ ਉਨ੍ਹਾਂ ਦੇ ਇੱਕ ਸਾਥੀ ਨੂੰ ਬਾਰੀ ਵਿੱਚੋਂ ਧੱਕਾ ਦੇ ਦਿੱਤਾ ਤੇ ਇੱਕ ਦੇ ਹੱਥ ’ਤੇ ਦੰਦੀ ਵੱਢੀ ਜਿਸ ਨਾਲ ਉਸ ਦੇ ਹੱਥ ’ਚੋਂ ਖੂਨ ਨਿਕਲਣ ਲੱਗਾ।
ਮੌਕੇ ’ਤੇ ਪੁਲੀਸ ਨੇ ਪਹੁੰਚ ਕੇ ਦੋਵਾਂ ਪਾਰਟੀਆਂ ਦੇ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੱਸ ਕੰਡਕਟਰ ਹਰਦੀਪ ਸਿੰਘ ਨੇ ਕਿਹਾ ਕਿ ਉਸਨੇ ਕਿਸੇ ਦੇ ਦੰਦੀ ਨਹੀਂ ਵੱਡੀ ਬਲਕਿ ਉਸ ਵਿਅਕਤੀ ਦਾ ਹੱਥ ਬੱਸ ਦਾ ਸ਼ੀਸ਼ਾ ਤੋੜਨ ਸਮੇਂ ਜ਼ਖ਼ਮੀ ਹੋਇਆ ਹੈ। ਪੀਆਰਟੀਸੀ ਦੇ ਅੱਡਾ ਇੰਚਾਰਜ ਕੁਲਵੰਤ ਸਿੰਘ ਮੰਗੀ ਨੇ ਕਿਹਾ ਕਿ ਉਨ੍ਹਾਂ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਹੈ।
ਕੰਡਕਟਰ ਨੇ ਬਿਰਧ ਮਾਤਾ ਦੇ ਮਾਰਿਆ ਥੱਪੜ
ਭੁੱਚੋ ਮੰਡੀ (ਪਵਨ ਗੋਇਲ): ਪਿੰਡ ਭੁੱਚੋ ਕਲਾਂ ਵਿੱਚ ਪੀਆਰਟੀਸੀ ਬੱਸ ਦੇ ਕੰਡਕਟਰ ਵੱਲੋਂ ਇੱਕ 70 ਸਾਲਾ ਬਜ਼ੁਰਗ ਮਾਤਾ ਦੇ ਥੱਪੜ ਮਾਰੇ ਜਾਣ ’ਤੇ ਰੋਹ ਵਿੱਚ ਆਏ ਲੋਕਾਂ ਨੇ ਕੰਡਕਟਰ ਦੀ ਭੁਗਤ ਸਵਾਰ ਦਿੱਤੀ। ਮਾਮਲਾ ਪੁਲੀਸ ਤੱਕ ਜਾ ਪੁੱਜਾ। ਇਸ ਮੌਕੇ ਦੁਕਾਨਦਾਰ ਮਹਿੰਦਰਪਾਲ ਸ਼ਰਮਾ ਨੇ ਦੱਸਿਆ ਕਿ ਡੇਰਾ ਰੂਮੀ ਦੇ ਗੇਟ ਅੱਗੇ ਜਦੋਂ ਉਹ ਆਪਣੀ ਮਾਤਾ ਕਰਮਜੀਤ ਕੌਰ ਸਮੇਤ ਇੱਕ ਹੋਰ ਔਰਤ ਨੂੰ ਬੱਸ ਚੜ੍ਹਾਉਣ ਲੱਗਿਆ ਤਾਂ ਕੰਡਕਟਰ ਨੇ ਉਸ ਨੂੰ ਕਥਿਤ ਤੌਰ ’ਤੇ ਧੱਕਾ ਮਾਰ ਦਿੱਤਾ। ਇਸ ’ਤੇ ਮਾਤਾ ਨੇ ਬੁਰਾ ਮਨਾਉਂਦਿਆਂ ਜਦੋਂ ਰੋਸ ਜ਼ਾਹਰ ਕੀਤਾ ਤਾਂ ਕੰਡਕਟਰ ਨੇ ਕਥਿਤ ਤੌਰ ’ਤੇ ਮਾਤਾ ਦੇ ਥੱਪੜ ਮਾਰ ਦਿੱਤਾ। ਰੌਲਾ ਪੈਣ ਕਾਰਨ ਇਕੱਠੇ ਹੋਏ ਲੋਕਾਂ ਨੇ ਬੱਸ ਨੂੰ ਘੇਰ ਲਿਆ ਅਤੇ ਕੰਡਕਟਰ ਦੀ ਪਰੇਡ ਕਰ ਦਿੱਤੀ। ਮੌਕੇ ’ਤੇ ਪਹੁੰਚੇ ਪੁਲੀਸ ਅਧਿਕਾਰੀ ਦੋਵਾਂ ਧਿਰਾਂ ਨੂੰ ਬਠਿੰਡਾ ਛਾਉਣੀ ਦੇ ਥਾਣੇ ਵਿੱਚ ਲੈ ਗਏ ਅਤੇ ਦਰਖ਼ਾਸਤਾਂ ਲੈ ਕੇ ਜਾਂਚ ਹੋਣ ਤੱਕ ਛੱਡ ਦਿੱਤਾ। ਇਸ ਸਬੰਧੀ ਕੰਡਕਟਰ ਦਵਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਮਾਤਾ ਨੇ ਥੱਪੜ ਮਾਰਿਆ ਸੀ।