ਰੋਹਿਤ ਗੋਇਲ
ਪੱਖੋਂ ਕੈਂਚੀਆਂ, 23 ਅਪਰੈਲ
ਤੂੜੀ ਦੇ ਦਿਨੋਂ-ਦਿਨ ਵਧ ਰਹੇ ਭਾਅ ਕਾਰਨ ਪਸ਼ੂ ਪਾਲਕ ਮਜ਼ਦੂਰ ਤੂੜੀ ਖ਼ਰੀਦਣ ਤੋਂ ਅਸਮਰਥ ਹੋ ਗਏ ਹਨ। ਪਸ਼ੂ ਪਾਲਕਾਂ ਨੇ ਦੱਸਿਆ ਕਿ ਹਾੜ੍ਹੀ ਦੇ ਸੀਜ਼ਨ ਦੌਰਾਨ ਕਣਕ ਦੀ ਫ਼ਸਲ ਦੀ ਹੱਥੀਂ ਵਾਢੀ ਨਾ ਹੋਣ ਕਰ ਕੇ ਅਤੇ ਝਾੜ ਘਟਣ ਕਾਰਨ ਖੇਤਾਂ ਵਿੱਚੋਂ ਤੂੜੀ ਘੱਟ ਬਣ ਰਹੀ ਹੈ। ਸਰਦੀ ਦੌਰਾਨ ਤੂੜੀ ਦੇ ਭਾਅ 900 ਰੁਪਏ ਪ੍ਰਤੀ ਕੁਇੰਟਲ ਚਲੇ ਗਏ ਸਨ, ਜਿਸ ਕਰ ਕੇ ਵੱਡੀ ਗਿਣਤੀ ਕਿਸਾਨ ਤੂੜੀ ਨੂੰ ਆਪਣੇ ਖੇਤਾਂ ਅਤੇ ਘਰਾਂ ਵਿਚ ਸਟੋਰ ਕਰ ਰਹੇ ਹਨ। ਹਜ਼ਾਰਾਂ ਕੁਇੰਟਲ ਤੂੜੀ ਨੇੜਲੇ ਉਦਯੋਗਾਂ ਵਿਚ ਫੂਕਣ ਲਈ ਵੀ ਭੇਜੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸੀਜ਼ਨ ਦੌਰਾਨ ਤੂੜੀ ਦੀ ਮਸ਼ੀਨ ਨਾਲ ਬਣਾਈ ਟਰਾਲੀ ਦਾ ਭਾਅ ਦੋ ਹਜ਼ਾਰ ਤੋਂ ਚੌਵੀ ਸੌ ਰੁਪਏ ਤੱਕ ਸੀ। ਇਸ ਵਾਰ ਤੂੜੀ ਦੀ ਟਰਾਲੀ ਦਾ ਭਾਅ 3500 ਰੁਪਏ ਤੋਂ 4500 ਰੁਪਏ ਤੱਕ ਚਲਿਆ ਗਿਆ ਹੈ। ਇਸ ਕਾਰਨ ਗ਼ਰੀਬ ਵਿਅਕਤੀ ਤੂੜੀ ਖ਼ਰੀਦਣ ਤੋਂ ਅਸਮਰਥ ਹੋ ਗਏ ਹਨ। ਇੰਨਾ ਹੀ ਨਹੀਂ ਗਊਸ਼ਾਲਾਵਾਂ ਵਿਚ ਵੀ ਤੂੜੀ ਦੀ ਵੱਡੀ ਪੱਧਰ ’ਤੇ ਘਾਟ ਆ ਚੁੱਕੀ ਹੈ।
ਪੀੜਤ ਮਜ਼ਦੂਰਾਂ ਦਾ ਕਹਿਣਾ ਹੈ ਕਿ ਗ਼ਰੀਬ ਪਰਿਵਾਰ ਪਸ਼ੂ ਪਾਲ ਕੇ ਦੁੱਧ ਵੇਚ ਕੇ ਆਪਣੇ ਪਰਿਵਾਰ ਗੁਜ਼ਾਰਾ ਚਲਾਉਂਦੇ ਸਨ। ਪਰਿਵਾਰਕ ਮੈਂਬਰ ਤੇ ਔਰਤਾਂ ਪਸ਼ੂਆਂ ਦੀ ਸੰਭਾਲ ਕਰਦੀਆਂ ਸਨ। ਮਜ਼ਦੂਰਾਂ ਦਾ ਸਾਰਾ ਪਰਿਵਾਰ ਆਪਣੇ ਕੰਮ ਵਿਚ ਲੱਗਿਆ ਰਹਿੰਦਾ ਸੀ। ਤੂੜੀ ਨਾ ਮਿਲਣ ਕਰ ਕੇ ਮਜ਼ਦੂਰ ਤੇ ਗ਼ਰੀਬ ਪਰਿਵਾਰਾਂ ਨੂੰ ਆਪਣੇ ਪਸ਼ੂ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਪਿਛਲੇ ਸਾਲ ਨਾਲੋਂ ਦੁੱਗਣੇ ਭਾਅ ਵਿਕ ਰਹੀ ਹੈ ਤੂੜੀ
ਸਰਦੂਲਗੜ੍ਹ (ਬਲਜੀਤ ਸਿੰਘ): ਇਸ ਸਮੇਂ ਤੂੜੀ ਦਾ ਭਾਅ 700 ਰੁਪਏ ਪ੍ਰਤੀ ਕੁਇੰਟਲ ਚੱਲ ਰਿਹਾ ਹੈ। ਕੰਬਾਈਨ ਨਾਲ ਕਣਕ ਵੱਢਣ ਮਗਰੋਂ ਮਸ਼ੀਨ ਨਾਲ ਬਣਾਈ ਤੂੜੀ ਦੀ ਟਰਾਲੀ ਦਾ 1500 ਸੀ ਪਰ ਇਸ ਵਾਰ ਵਧ ਕੇ ਇੱਕ ਟਰਾਲੀ ਦਾ ਭਾਅ 4500 ਰੁਪਏ ਹੋ ਗਿਆ ਹੈ। ਇਕ ਟਰਾਲੀ ਵਿੱਚ ਔਸਤ 7 ਕੁਇੰਟਲ ਤੂੜੀ ਹੁੰਦੀ ਹੈ। ਸੂਤਰਾਂ ਦਾ ਕਹਿਣਾ ਹੈ ਵੱਡੇ ਵਪਾਰੀ ਤੂੜੀ ਸਟੋਰ ਕਰਨ ਲੱਗੇ ਹਨ ਜਿਸ ਕਾਰਨ ਭਾਅ ਵਧੇ ਹਨ। ਇਸ ਦਾ ਅਸਰ ਗ਼ਰੀਬ ਪਰਿਵਾਰਾਂ ’ਤੇ ਪੈ ਰਿਹਾ ਹੈ। ਗ਼ਰੀਬ ਪਰਿਵਾਰ ਮਹਿੰਗੇ ਭਾਅ ’ਤੇ ਤੂੜੀ ਖ਼ਰੀਦਣ ਤੋਂ ਅਸਮਰੱਥ ਹਨ ਜਿਸ ਕਾਰਨ ਆਉਣ ਵਾਲੇ ਦਿਨਾਂ ਵਿਚ ਕਈ ਪਰਿਵਾਰ ਪਸ਼ੂ ਵੇਚਣ ਲਈ ਮਜਬੂਰ ਹੋਣਗੇ। ਇਸ ਨਾਲ ਸੂਬੇ ਵਿਚ ਦੁੱਧ ਉਤਪਾਦਨ ਵੀ ਪ੍ਰਭਾਵਿਤ ਹੋਵੇਗਾ ਤੇ ਲੋਕਾਂ ਦਾ ਰੁਜ਼ਗਾਰ ਵੀ।