ਜਸਵੰਤ ਜੱਸ
ਫਰੀਦਕੋਟ, 24 ਅਗਸਤ
ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਸਰਜਰੀ ਵਿਭਾਗ ਦੇ ਆਈਸੀਯੂ ਵਿੱਚ ਲੱਗੇ ਏਸੀ ਵਿੱਚ ਅੱਜ ਅਚਾਨਕ ਅੱਗ ਲਗ ਗਈ। ਮਗਰੋਂ ਏਸੀ ਵਿੱਚ ਧਮਾਕਾ ਹੋਇਆ ਤੇ ਪੂਰੇ ਵਾਰਡ ਵਿੱਚ ਧੂੰਆਂ ਫੈਲ ਗਿਆ। ਸਿਹਤ ਅਮਲੇ ਨੇ ਫੌਰੀ ਕਾਰਵਾਈ ਕਰਦਿਆਂ ਅੱਗ ’ਤੇ ਕਾਬੂ ਪਾਇਆ ਜਿਸ ਕਾਰਨ ਵੱਡਾ ਹਾਦਸਾ ਟਲ ਗਿਆ। ਸੂਚਨਾ ਅਨੁਸਾਰ ਘਟਨਾ ਸਮੇਂ ਆਈਸੀਯੂ ਵਿੱਚ 6 ਮਰੀਜ਼ ਵੈਂਟੀਲੇਟਰ ‘ਤੇ ਸਨ। ਮਰੀਜ਼ਾਂ ਦੇ ਤਿਮਾਰਦਾਰਾਂ ਨੇ ਤੁਰਤ ਮਰੀਜ਼ਾਂ ਨੂੰ ਆਈਸੀਯੂ ਵਿਚੋਂ ਕੱਢਿਆ। ਜਿਸ ਮਗਰੋਂ ਸਿਹਤ ਕਰਮੀਆਂ ਨੇ ਉਨ੍ਹਾਂ ਨੂੰ ਦੂਜੇ ਵਾਡਰਾਂ ਵਿੱਚ ਤਬਦੀਲ ਕੀਤਾ। ਹਸਪਤਾਲ ਸੁਪਰਡੈਂਟ ਡਾ. ਸੁਲੇਖ ਮਿੱਤਲ ਨੇ ਕਿਹਾ ਕਿ ਆਈ.ਸੀ.ਯੂ ਵਿੱਚ ਲੱਗੀ ਅੱਗ ‘ਤੇ ਤੁਰੰਤ ਕਾਬੂ ਪਾ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਅੱਗ ਬੁਝਾਉਣ ਦੇ ਪੁਖਤਾ ਪ੍ਰਬੰਧ ਹਨ। ਦੂਜੇ ਪਾਸੇ ਮਰੀਜ਼ਾਂ ਦੇ ਵਾਰਸਾਂ ਨੇ ਕਿਹਾ ਕਿ ਹਸਪਤਾਲ ਦੇ ਅਮਲੇ ਨੇ ਆਈਸੀਯੂ ਵਿੱਚ ਦਾਖਲ ਮਰੀਜ਼ਾਂ ਨੂੰ ਬਚਾਉਣ ਦੀ ਕੋਸ਼ਿਸ਼ ਤਕ ਨਹੀਂ ਕੀਤੀ। ਉਹ ਖੁਦ ਵੈਂਟੀਲੇਟਰ ਤੇ ਬੈੱਡ ਖਿੱਚ ਕੇ ਬਾਹਰ ਲਿਆਏ। ਮੈਡੀਕਲ ਸੁਪਰਡੈਂਟ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।