ਮਹਿੰਦਰ ਸਿੰਘ ਰੱਤੀਆਂ
ਮੋਗਾ,19 ਸਤੰਬਰ
ਇੱਥੇ ਸੀਆਈਏ ਸਟਾਫ਼ ਪੁਲੀਸ ਨੇ ਕਿਸਾਨ ਦੀ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਕਿਸਾਨ ਨੂੰ ਵੀਡੀਓ ਨੈੱਟ ਉੱਤੇ ਪਾਉਣ ਦੀ ਧਮਕੀ ਦੇ ਕੇ ਗਰੋਹ ਨੇ 3 ਤੋਲੇ ਸੋਨੇ ਦਾ ਕੜਾ, 22 ਸੌ ਰੁਪਏ ਨਕਦੀ ਖੋਹਣ ਤੋਂ ਇਲਾਵਾ ਇੱਕ ਲੱਖ ਰੁਪਏ ਦੇ ਚੈੱਕ ਉੱਤੇ ਦਸਤਖ਼ਤ ਕਰਵਾ ਲਏ।
ਸੀਆਈਏ ਸਟਾਫ ਇੰਚਾਰਜ ਇੰਸਪੈਕਟਰ ਤਿਰਲੋਚਨ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਦੱਖਣੀ ਵਿੱਚ ਕਿਸਾਨ ਤਿਰਲੋਚਨ ਸਿੰਘ ਵਾਸੀ ਪਿੰਡ ਨੱਥੂਵਾਲਾ ਜਦੀਦ ਦੀ ਸ਼ਿਕਾਇਤ ਉੱਤੇ ਗੁਰਪ੍ਰੀਤ ਕੌਰ ਪਿੰਡ ਚੁੱਪਕੀਤੀ ਹਾਲ ਆਬਾਦ ਨੇੜੇ ਚੁੰਗੀ ਨੰਬਰ 3, ਮੋਗਾ, ਜਗਦੀਸ਼ ਸਿੰਘ ਉਰਫ਼ ਲਾਟੀ ਵਾਸੀ ਬਾਘਾਪੁਰਾਣਾ, ਗਗਨਦੀਪ ਸਿੰਘ ਉਰਫ਼ ਗਗਨਾ ਵਾਸੀ ਵਾਰਡ ਨੰਬਰ 25, ਮੋਗਾ ਖ਼ਿਲਾਫ਼ ਕੇਸ ਦਰਜ ਕਰ ਕੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਖੇਤਰੀ ਡਿਊਟੀ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਮੁਲਜ਼ਮਾਂ ਤੋਂ ਪੁੱਛਗਿੱਛ ਲਈ ਦੋ ਰੋਜ਼ਾ ਪੁਲੀਸ ਰਿਮਾਂਡ ਮਨਜ਼ੂਰ ਕਰ ਲਿਆ ਹੈ।
ਪੁਲੀਸ ਨੇ ਦੱਸਿਆ ਕਿ ਕਿਸਾਨ ਮੁਤਾਬਕ ਮੁਲਜ਼ਮ ਮੁਟਿਆਰ ਗੁਰਪ੍ਰੀਤ ਕੌਰ ਦਾ ਪੇਕਾ ਪਿੰਡ ਵੀ ਨੱਥੂਵਾਲਾ ਜਦੀਦ ਹੈ। ਉਹ ਵਿਆਹ ਤੋਂ ਪਹਿਲਾਂ ਕਿਸਾਨ ਦੇ ਘਰ ਸਾਫ਼ ਸਫਾਈ ਦਾ ਕੰਮ ਕਰਦੀ ਸੀ। ਵਿਆਹ ਮਗਰੋਂ ਉਸ ਦੇ ਪਤੀ ਨਾਲ ਅਣਬਣ ਹੋ ਗਈ ਅਤੇ ਤਲਾਕ ਹੋ ਗਿਆ ਸੀ। ਉਹ ਮੋਗਾ ਵਿੱਚ ਕਿਰਾਏ ਦੇ ਮਕਾਨ ’ਚ ਰਹਿੰਦੀ ਹੈ। ਮੁਲਜ਼ਮ ਮੁਟਿਆਰ ਨੇ 15 ਸਤੰਬਰ ਨੂੰ ਫੋਨ ਕਰਕੇ ਕਿਸਾਨ ਕੋਲੋਂ ਘਰੇਲੂ ਲੋੜ ਲਈ 2 ਹਜ਼ਾਰ ਰੁਪਏ ਦੀ ਮੰਗ ਕੀਤੀ। ਕਿਸਾਨ ਉਸ ਨੂੰ 2 ਹਜ਼ਾਰ ਰੁਪਏ ਘਰ ਦੇਣ ਗਿਆ ਸੀ, ਉੱਥੇ ਪਹਿਲਾਂ ਹੀ ਦੂਜੇ ਦੋਵੇਂ ਮੁਲਜ਼ਮ ਜਗਦੀਸ਼ ਸਿੰਘ ਉਰਫ਼ ਲਾਟੀ ਅਤੇ ਗਗਨਦੀਪ ਸਿੰਘ ਉਰਫ਼ ਗਗਨਾ ਮੌਜੂਦ ਸਨ।
ਕਿਸਾਨ ਦਾ ਦੋਸ਼ ਹੈ ਕਿ ਦੋਵਾਂ ਮੁਲਜ਼ਮਾਂ ਨੇ ਜਬਰਦਸਤੀ ਉਸ ਦੇ ਕੱਪੜੇ ਉਤਰਵਾ ਕੇ ਨੰਗਾ ਕਰ ਦਿੱਤਾ ਅਤੇ ਮੁਲਜ਼ਮ ਮੁਟਿਆਰ ਦੀ ਕਮੀਜ਼ ਉਤਾਰ ਕੇ ਵੀਡੀਓ ਬਣਾ ਲਈ। ਇਸ ਮਗਰੋਂ ਕਿਸਾਨ ਨੂੰ ਵੀਡੀਓ ਨੈੱਟ ਉੱਤੇ ਪਾਉਣ ਦੀ ਧਮਕੀ ਦੇ ਕੇ ਉਸ ਦਾ 3 ਤੋਲੇ ਸੋਨੇ ਦਾ ਕੜਾ, 22 ਸੌ ਰੁਪਏ ਨਕਦੀ ਖੋਹਣ ਤੋਂ ਇਲਾਵਾ ਉਸ ਕੋਲੋਂ ਇੱਕ ਲੱਖ ਰੁਪਏ ਦੇ ਚੈੱਕ ਉੱਤੇ ਦਸਤਖ਼ਤ ਕਰਵਾ ਲਏ। ਸੀਆਈਏ ਸਟਾਫ਼ ਨੇ ਗਰੋਹ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।