ਜੋਗਿੰਦਰ ਸਿੰਘ ਮਾਨ
ਮਾਨਸਾ, 12 ਅਗਸਤ
ਮਾਨਸਾ ਪੁਲੀਸ ਨੇ ਟਰੱਕਾਂ ਦੀਆਂ ਚੈਸੀਆਂ ਟੈਂਪਰ ਕਰ ਕੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਨਵੀਆਂ ਰਜਿਸਟ੍ਰੇਸ਼ਨਾਂ ਤਿਆਰ ਕਰ ਕੇ ਲੋਕਾਂ ਨੂੰ ਵੇਚ ਕੇ ਮੋਟੀ ਕਮਾਈ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਇਸ ਗਰੋਹ ਦੇ ਇੱਕ ਮੈਂਬਰ ਨੂੰ ਕਾਬੂ ਕਰ ਕੇ ਉਸ ਕੋਲੋਂ 12 ਟਰੱਕ ਬਰਾਮਦ ਕੀਤੇ ਹਨ। ਬਰਾਮਦ ਕੀਤੇ ਟਰੱਕਾਂ ਦੀ ਕੀਮਤ ਕਰੀਬ ਢਾਈ ਕਰੋੜ ਰੁਪਏ ਹੈ।
ਮਾਨਸਾ ਦੇ ਐੱਸਐੱਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਪੁਲੀਸ ਨੂੰ ਮੁਖ਼ਬਰੀ ਮਿਲੀ ਸੀ ਕਿ ਪਵਨ ਕੁਮਾਰ ਉਰਫ ਕਾਲਾ ਵਾਸੀ ਬੁਢਲਾਡਾ, ਜੋ ਤਹਿਸੀਲ ਬੁਢਲਾਡਾ ਵਿੱਚ ਅਸ਼ਟਾਮ ਫਰੋਸ਼ ਹੈ ਅਤੇ ਗੱਡੀਆਂ ਦੇ ਕਾਗਜ਼ ਤਿਆਰ ਕਰਦਾ ਹੈ ਨੇ ਗੁਰਜੰਟ ਸਿੰਘ ਉਰਫ ਜੰਟਾ, ਓਮ ਪ੍ਰਕਾਸ਼ ਓਮੀ ਵਾਸੀ ਬੁਢਲਾਡਾ ਅਤੇ ਗੌਰਵ ਕੁਮਾਰ ਵਾਸੀ ਮੇਰਠ (ਯੂ.ਪੀ.) ਨਾਲ ਮਿਲ ਕੇ ਗਰੋਹ ਬਣਾਇਆ ਹੋਇਆ ਹੈ। ਇਹ ਫਾਇਨਾਂਸਰਾਂ ਨਾਲ ਮਿਲ ਕੇ ਘੱਟ ਕੀਮਤ ’ਤੇ ਟਰੱਕ ਖ਼ਰੀਦ ਕੇ, ਜਾਅਲੀ ਕਾਗਜ਼ਾਤ ਤਿਆਰ ਕਰ ਕੇ ਲੋਕਾਂ ਨੂੰ ਮਹਿੰਗੇ ਭਾਅ ਟਰੱਕ ਵੇਚ ਕੇ ਮੋਟੀ ਕਮਾਈ ਕਰਦਾ ਹੈ।