ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 17 ਜਨਵਰੀ
ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ ਦੋ ਸਿਆਸੀ ਪਾਰਟੀਆਂ ਦੀ ਲਿਖਤੀ ਬੇਨਤੀ ਤੋਂ ਬਾਅਦ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਇੱਕ ਹਫ਼ਤਾ ਅੱਗੇ ਕਰਨ ਨਾਲ ਚੋਣਾਂ ਲੜ ਰਹੇ ਉਮੀਦਵਾਰਾਂ ਉੱਪਰ ਆਰਥਿਕ ਬੋਝ ਵਧਣਾ ਯਕੀਨੀ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰੇਕ ਉਮੀਦਵਾਰ 40 ਲੱਖ ਰੁਪਏ ਤੱਕ ਖਰਚਾ ਕਰ ਸਕਦਾ ਹੈ ਪਰੰਤੂ ਅਸਲੀਅਤ ਵਿੱਚ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਉਮੀਦਵਾਰ ਇਸ ਤੋਂ ਕਈ ਗੁਣਾਂ ਜ਼ਿਆਦਾ ਪੈਸੇ ਖਰਚਦੇ ਹਨ। ਇਹੀ ਨਹੀਂ ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਵੱਖਰੇ ਤੌਰ ’ਤੇ ਖਰਚ ਕੀਤਾ ਜਾਂਦਾ ਹੈ। ਹੁਣ ਤਰੀਕਾਂ ਅੱਗੇ ਪੈਣ ਨਾਲ ਉਮੀਦਵਾਰਾਂ ਦਾ ਹੀ ਨਹੀਂ ਬਲਕਿ ਉਮੀਦਵਾਰਾਂ ਦੇ ਸਮਰਥਕਾਂ ਦੇ ਖਰਚੇ ’ਚ ਵੀ ਵਾਧਾ ਹੋਣ ਦੀ ਉਮੀਦ ਹੈ।
ਪ੍ਰਮੁੱਖ ਸਿਆਸੀ ਪਾਰਟੀਆਂ ਦੇ ਉਮੀਦਵਾਰ ਗਰੁੱਪ ਬਣਾ ਕੇ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ ਅਤੇ ਗਰੁੱਪਾਂ ਵਿੱਚ ਪ੍ਰਚਾਰ ਕਰ ਰਹੇ ਪਾਰਟੀ ਵਰਕਰਾਂ ਦਾ ਸਾਰਾ ਖਰਚਾ ਉਮੀਦਵਾਰ ਵੱਲੋਂ ਚੁੱਕਿਆ ਜਾ ਰਿਹਾ ਹੈ ਜਿਸ ਵਿੱਚ ਰੋਟੀ ਪਾਣੀ ਤੋਂ ਇਲਾਵਾ ਗੱਡੀਆਂ, ਪੈਟਰੋਲ, ਪ੍ਰਚਾਰ ਸਮੱਗਰੀ ਅਤੇ ਹੋਰ ਖਰਚੇ ਵੀ ਸ਼ਾਮਲ ਹਨ।
ਉਮੀਦਵਾਰਾਂ ਨੂੰ ਹੁਣ ਇਹ ਚੋਣ ਪ੍ਰਚਾਰ ਛੇ ਦਿਨ ਵਧੇਰੇ ਕਰਨਾ ਪਵੇਗਾ। ਬਹੁਤ ਸਾਰੇ ਉਮੀਦਵਾਰਾਂ ਨੇ 14 ਫਰਵਰੀ ਨੂੰ ਵੋਟਾਂ ਪੈਣ ਸਬੰਧੀ ਇਸ਼ਤਿਹਾਰ, ਹੱਥ ਪਰਚੇ, ਫਲੈਕਸ ਅਤੇ ਬੈਨਰ ਆਦਿ ਛਪਵਾ ਲਏ ਸਨ ਅਤੇ ਹੁਣ ਸਮੱਗਰੀ ਨੂੰ ਦੁਬਾਰਾ ਛਾਪਣ ਦੇ ਹੁਕਮ ਦਿੱਤੇ ਜਾ ਰਹੇ ਹਨ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਉਹ ਪਿਛਲੇ ਚਾਰ ਮਹੀਨਿਆਂ ਤੋਂ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ ਅਤੇ ਚੋਣਾਂ ਦੀ ਤਾਰੀਖ ਬਦਲਣ ਕਾਰਨ ਛੇ ਦਿਨਾਂ ਲਈ ਹੋਰ ਚੋਣ ਪ੍ਰਚਾਰ ਜਾਰੀ ਰੱਖਿਆ ਜਾਵੇਗਾ ਅਤੇ ਪ੍ਰਚਾਰ ਕਮੇਟੀ ਨੂੰ ਇਸ ਦੀਆਂ ਤੁਰੰਤ ਤਿਆਰੀਆਂ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਸਬੰਧੀ ਸਮੱਗਰੀ ਨੂੰ ਹੁਣ ਦੁਬਾਰਾ ਛਪਵਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਕਿਹਾ ਕਿ ਚੋਣ ਕਮਿਸ਼ਨਰ ਵੱਲੋਂ ਚੋਣ ਦੀ ਤਾਰੀਖ 14 ਫਰਵਰੀ ਤੋਂ ਵਧਾ ਕੇ 20 ਫਰਵਰੀ ਕਰ ਦਿੱਤੀ ਗਈ ਹੈ ਅਤੇ ਇਸ ਸਬੰਧੀ ਸਾਰੀ ਸਿਆਸੀ ਪਾਰਟੀਆਂ, ਚੋਣ ਅਧਿਕਾਰੀਆਂ ਅਤੇ ਵੋਟਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।