ਪਰਮਜੀਤ ਸਿੰਘ
ਫ਼ਾਜ਼ਿਲਕਾ, 10 ਨਵੰਬਰ
ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਇੱਥੋਂ ਦੀ ਰਾਧਾ ਸੁਆਮੀ ਕਲੋਨੀ ਵਿੱਚ ਇਕ ਘਰ ‘ਚ ਚੱਲ ਰਹੀ ਫੈਕਟਰੀ ‘ਚ ਛਾਪਾ ਮਾਰ ਕੇ ਉੱਥੋਂ ਭਾਰੀ ਮਾਤਰਾ ‘ਚ ਪਨੀਰ, ਸੁੱਕਾ ਦੁੱਧ ਅਤੇ ਕੈਮੀਕਲ ਜ਼ਬਤ ਕੀਤਾ ਗਿਆ। ਸਿਹਤ ਵਿਭਾਗ ਨੇ ਪੁਲੀਸ ਦੀ ਇਤਲਾਹ ‘ਤੇ ਇਹ ਕਾਰਵਾਈ ਕੀਤੀ ਹੈ।
ਇਸ ਸਬੰਧੀ ਐਂਟੀ ਨਾਰਕੋਟਿਕਸ ਸੈੱਲ ਦੇ ਇੰਚਾਰਜ ਸੱਜਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਕ ਫੈਕਟਰੀ ਦਾ ਮਾਲਕ ਨਕਲੀ ਪਨੀਰ ਦਾ ਕਾਰੋਬਾਰ ਕਰਦਾ ਹੈ। ਇਸ ਸਬੰਧੀ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਦੱਸਿਆ ਗਿਆ। ਇਸ ਤੋਂ ਬਾਅਦ ਸਿਹਤ ਵਿਭਾਗ ਦੇ ਧਿਆਨ ‘ਚ ਵੀ ਇਹ ਮਾਮਲਾ ਲਿਆਂਦਾ ਗਿਆ। ਪੁਲੀਸ ਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਉਕਤ ਫੈਕਟਰੀ ‘ਤੇ ਛਾਪਾ ਮਾਰਿਆ ਗਿਆ। ਫੂਡ ਇੰਸਪੈਕਟਰ ਅਭਿਨਵ ਖੋਸਲਾ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਉਕਤ ਫੈਕਟਰੀ ‘ਚੋਂ ਪਨੀਰ, ਸੁੱਕਾ ਦੁੱਧ, ਕਰੀਮ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਨੂੰ ਜਾਂਚ ਲਈ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਫੈਕਟਰੀ ‘ਚੋਂ ਕਰੀਬ 1 ਕੁਇੰਟਲ 13 ਕਿੱਲੋ ਪਨੀਰ, ਭਾਰੀ ਮਾਤਰਾ ‘ਚ ਸੁੱਕਾ ਦੁੱਧ ਅਤੇ ਕੈਮੀਕਲ ਵੀ ਸਿਹਤ ਵਿਭਾਗ ਦੀ ਟੀਮ ਵੱਲੋਂ ਜ਼ਬਤ ਕੀਤਾ ਗਿਆ ਹੈ।