ਜਸਵੰਤ ਜੱਸ
ਫ਼ਰੀਦਕੋਟ, 29 ਜੂਨ
ਨਗਰ ਕੌਂਸਲ ਫਰੀਦਕੋਟ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਨੂੰ ਜਾਂਦੀ ਅਹਿਮ ਸੜਕ ਦੇ ਨਾਲ ਪਾਰਕਿੰਗ ਅਤੇ ਰੁੱਖਾਂ ਲਈ ਖ਼ਾਲੀ ਪਈ ਜਗ੍ਹਾਂ ਉੱਪਰ ਸ਼ੈੱਡਾਂ ਦੀ ਉਸਾਰੀ ਕਰ ਦਿੱਤੀ ਹੈ। ਨਗਰ ਕੌਂਸਲ ਦੀ ਤਜਵੀਜ਼ ਹੈ ਕਿ ਇਹ ਸ਼ੈੱਡ ਸਬਜ਼ੀਆਂ ਅਤੇ ਫਲਾਂ ਦੀਆਂ ਰੇਹੜੀਆਂ ਨੂੰ ਅਲਾਟ ਕੀਤੇ ਜਾਣਗੇ। ਇਸ ਤੋਂ ਪਹਿਲਾਂ ਨਗਰ ਕੌਂਸਲ ਫਰੀਦਕੋਟ ਦੀ ਮਾਲ ਰੋਡ ਕੰਮੇਆਣਾ ਗੇਟ ਮੁੱਖ ਬਾਜ਼ਾਰ ਵਿੱਚ ਸੜਕਾਂ ਦੇ ਨਾਲ ਖਾਲੀ ਪਈ ਥਾਂ ਉੱਪਰ ਸਬਜ਼ੀ ਦੀਆਂ ਰੇਹੜੀਆਂ ਅਤੇ ਦੁਕਾਨਾਂ ਆਬਾਦ ਕਰ ਚੁੱਕੀ ਹੈ। ਇਸ ਕਰਕੇ ਸ਼ਹਿਰ ਵਿਚ ਪਾਰਕਿੰਗ ਅਤੇ ਟਰੈਫਿਕ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ। ਇਸ ਤੋਂ ਪਹਿਲਾਂ ਨਗਰ ਕੌਂਸਲ ਨੇ ਨਗਰ ਸੁਧਾਰ ਟਰੱਸਟ ਦੀ ਖਾਲੀ ਪਈ ਜਗ੍ਹਾ ਉਪਰ ਦੁਕਾਨਾਂ ਦੀ ਉਸਾਰੀ ਕਰਵਾ ਦਿੱਤੀ ਸੀ ਅਤੇ ਇਹ ਮਾਰਕੀਟ ਹੁਣ ਨਹਿਰੂ ਸ਼ਾਪਿੰਗ ਸੈਂਟਰ ਵਜੋਂ ਜਾਣੀ ਜਾਂਦੀ ਹੈ। ਇਹ ਮਾਰਕੀਟ ਬਣਨ ਨਾਲ ਵੀ ਸ਼ਹਿਰ ਅੰਦਰ ਆਉਣ ਵਾਲੇ ਵਾਹਨਾਂ ਦੇ ਲੰਘਣ ਲਈ ਲੋੜੀਂਦਾ ਰਾਹ ਅਤੇ ਪਾਰਕਿੰਗ ਖ਼ਤਮ ਹੋ ਗਈ ਸੀ। ਹੁਣ ਆਰਾ ਮਾਰਕੀਟ ਵਾਲੀ ਇਕਲੌਤੀ ਸੜਕ ਸੀ ਜਿਸ ਉੱਪਰ ਦੁਕਾਨਾਂ ਨਹੀਂ ਬਣਾਈਆਂ ਗਈਆਂ ਸਨ ਅਤੇ ਇਸ ਖੁੱਲ੍ਹੀ ਸੜਕ ਨੂੰ ਲੋਕ ਆਵਾਜਾਈ ਲਈ ਆਸਾਨੀ ਨਾਲ ਵਰਤ ਰਹੇ ਸਨ। ਹਾਲਾਂਕਿ ਇਸ ਸੜਕ ਦੇ ਕੁਝ ਹਿੱਸੇ ਤੇ ਆਰਾ ਮਾਰਕੀਟ ਦੇ ਦੁਕਾਨਦਾਰਾਂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ ਅਤੇ ਵੱਡੀ ਮਾਤਰਾ ਵਿੱਚ ਲੱਕੜ ਇੱਥੇ ਜਮ੍ਹਾਂ ਕੀਤੀ ਹੋਈ ਸੀ। ਨਗਰ ਕੌਂਸਲ ਨੇ ਆਰਾ ਮਾਰਕੀਟ ਤੋਂ ਨਾਜਾਇਜ਼ ਕਬਜ਼ੇ ਛੁਡਾ ਕੇ ਇੱਥੇ ਹੁਣ ਸ਼ੈੱਡ ਉਸਾਰਨੇ ਸ਼ੁਰੂ ਕਰ ਦਿੱਤੇ ਹਨ।
ਆਮ ਆਦਮੀ ਪਾਰਟੀ ਦੇ ਆਗੂ ਗੁਰਦਿੱਤ ਸਿੰਘ ਸੇਖੋਂ ਨੇ ਦੋਸ਼ ਲਾਇਆ ਕਿ ਅਸਲ ਵਿੱਚ ਨਗਰ ਕੌਂਸਲ ਸ਼ੈੱਡਾਂ ਦੇ ਨਾਮ ’ਤੇ ਸਰਕਾਰੀ ਸੰਪਤੀ ਨੂੰ ਵੇਚ ਰਹੀ ਹੈ। ਉਨ੍ਹਾਂ ਕਿਹਾ ਕਿ ਸੜਕਾਂ ਨਾਲ ਖਾਲੀ ਪਈ ਥਾਂ ਉੱਪਰ ਰੇਹੜੀਆਂ ਲਈ ਸ਼ੈੱਡ ਉਸਾਰਨ ਦੀ ਕੋਈ ਲੋੜ ਨਹੀਂ ਬਲਕਿ ਰੇਹੜੀਆਂ ਲਈ ਹੋਰ ਚੰਗੀ ਥਾਂ ਲੱਭੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇੱਥੇ ਸ਼ੈੱਡ ਬਣ ਜਾਂਦੇ ਹਨ ਤਾਂ ਇਸ ਨਾਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਨੂੰ ਜਾਣ ਵਾਲਾ ਟਰੈਫਿਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ।
ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅੰਮ੍ਰਿਤ ਲਾਲ ਨੇ ਕਿਹਾ ਕਿ ਇਹ ਸ਼ੈੱਡ ਪੰਜਾਬ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਹੀ ਉਸਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚੋਂ ਫਲਾਂ ਅਤੇ ਸਬਜ਼ੀਆਂ ਦੀਆਂ ਰੇਹੜੀਆਂ ਨੂੰ ਬਾਹਰ ਕੱਢਣ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਨਗਰ ਕੌਂਸਲ ਦੇ ਅਧਿਕਾਰੀਆਂ ਅਨੁਸਾਰ 20 ਲੱਖ ਰੁਪਏ ਦੀ ਲਾਗਮ ਨਾਲ 80 ਸ਼ੈੱਡ ਉਸਾਰੇ ਜਾਣੇ ਹਨ, ਜੋ ਅੱਗੇ ਸਬਜ਼ੀ-ਫਲ ਆਦਿ ਵੇਚਣ ਵਾਲਿਆਂ ਨੂੰ ਅਲਾਟ ਕੀਤੇ ਜਾਣਗੇ।