ਜਸਵੰਤ ਜੱਸ
ਫ਼ਰੀਦਕੋਟ, 4 ਸਤੰਬਰ
ਫ਼ਰੀਦਕੋਟ ਦੀ ਜ਼ਿਲ੍ਹਾ ਲਾਇਬ੍ਰੇਰੀ ਵਿੱਚ ਸਟਾਫ਼ ਦੀ ਘਾਟ ਹੋਣ ਕਾਰਨ ਇਸ ਨੂੰ ਇੱਕ ਸੇਵਾਦਾਰ ਹੀ ਚਲਾ ਰਿਹਾ ਹੈ। ਪੰਜਾਬ ਸਰਕਾਰ ਨੇ ਪਿਛਲੇ ਅੱਠ ਸਾਲਾਂ ਤੋਂ ਇਸ ਲਾਇਬ੍ਰੇਰੀ ਲਈ ਲੋੜੀਂਦਾ ਸਟਾਫ਼ ਭਰਤੀ ਨਹੀਂ ਕੀਤਾ। ਸੂਚਨਾ ਅਨੁਸਾਰ ਜ਼ਿਲ੍ਹਾ ਲਾਇਬ੍ਰੇਰੀ ਲਈ ਪੰਜ ਪੋਸਟਾਂ ਮਨਜ਼ੂਰ ਹਨ। ਪਿਛਲੇ ਕਰੀਬ 15 ਸਾਲ ਤੋਂ ਲਾਇਬ੍ਰੇਰੀਅਨ ਦੀ ਅਸਾਮੀ ਖਾਲੀ ਪਈ ਹੈ, ਜਿਸ ਕਰਕੇ ਇਸ ਲਾਇਬ੍ਰੇਰੀ ਦਾ ਪ੍ਰਬੰਧ ਬਰਜਿੰਦਰਾ ਕਾਲਜ ਫ਼ਰੀਦਕੋਟ ਨੂੰ ਦੇ ਦਿੱਤਾ ਗਿਆ ਸੀ। ਜ਼ਿਲ੍ਹਾ ਲਾਇਬ੍ਰੇਰੀ ਵਿੱਚ ਲੋੜੀਂਦਾ ਸਟਾਫ਼ ਅਤੇ ਸਹੂਲਤਾਂ ਦੀ ਘਾਟ ਕਾਰਨ ਲਾਇਬ੍ਰੇਰੀ ਦਾ ਵਜੂਦ ਵੀ ਖ਼ਤਰੇ ਵਿੱਚ ਹੈ। ਪ੍ਰਬੰਧਾਂ ਦੀ ਅਣਦੇਖੀ ਕਾਰਨ ਜ਼ਿਲ੍ਹਾ ਲਾਇਬ੍ਰੇਰੀ ਦਾ ਬੋਰਡ ਤੱਕ ਲਾਇਬ੍ਰੇਰੀ ਦੇ ਬਾਹਰ ਨਹੀਂ ਲਾਇਆ ਗਿਆ ਅਤੇ ਪਿਛਲੇ ਲੰਬੇ ਸਮੇਂ ਤੋਂ ਇਹ ਲਾਇਬ੍ਰੇਰੀ ਸਮੇਂ ਸਿਰ ਖੋਲ੍ਹੀ ਵੀ ਨਹੀਂ ਜਾ ਰਹੀ। 1996 ਵਿੱਚ ਸ਼ੁਰੂ ਕੀਤੀ ਗਈ ਇਸ ਲਾਇਬ੍ਰੇਰੀ ਵਿੱਚ ਦੋ ਲੱਖ ਤੋਂ ਵੱਧ ਪੰਜਾਬੀ ਸਾਹਿਤ ਨਾਲ ਸਬੰਧਤ ਕਿਤਾਬਾਂ ਪਈਆਂ ਹਨ ਪ੍ਰੰਤੂ ਇਹ ਕੀਮਤੀ ਕਿਤਾਬਾਂ ਪਾਠਕਾਂ ਤੱਕ ਪੁੱਜਦੀਆਂ ਨਹੀਂ ਹੋ ਰਹੀਆਂ। ਜ਼ਿਲ੍ਹਾ ਲਾਇਬ੍ਰੇਰੀ ਦੇ ਚਾਰ ਸੌ ਤੋਂ ਵੱਧ ਪੱਕੇ ਪਾਠਕ ਹਨ ਪ੍ਰੰਤੂ ਸਟਾਫ ਅਤੇ ਸਹੂਲਤਾਂ ਦੀ ਘਾਟ ਕਾਰਨ ਇਹ ਪਾਠਕ ਵੀ ਹੁਣ ਲਾਇਬ੍ਰੇਰੀ ਵਿੱਚ ਨਹੀਂ ਆਉਂਦੇ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸੁਭਾਸ਼ ਕੁਮਾਰ ਨੇ ਦੱਸਿਆ ਕਿ ਲਾਇਬ੍ਰੇਰੀ ਲਈ ਸਟਾਫ ਦੀ ਭਰਤੀ ਕੀਤੀ ਗਈ ਸੀ ਪਰ ਸਮੇਂ ਦੇ ਨਾਲ ਪੂਰਾ ਸਟਾਫ਼ ਸੇਵਾਮੁਕਤ ਹੋ ਗਿਆ ਹੈ। ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੇਸ਼ਵ ਆਜ਼ਾਦ ਨੇ ਕਿਹਾ ਕਿ ਇਲਾਕੇ ਦੇ ਸੈਂਕੜੇ ਨੌਜਵਾਨ ਜ਼ਿਲ੍ਹਾ ਲਾਇਬਰੇਰੀ ਵਿੱਚੋਂ ਸਾਹਿਤ ਪੜ੍ਹਨਾ ਚਾਹੁੰਦੇ ਹਨ। ਪ੍ਰੰਤੂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਲਾਇਬ੍ਰੇਰੀ ਦੇ ਪ੍ਰਬੰਧਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜਿਸ ਕਰਕੇ ਨੌਜਵਾਨ ਸਾਹਿਤ ਤੋਂ ਲਗਾਤਾਰ ਦੂਰ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਲਾਇਬ੍ਰੇਰੀ ਵਿੱਚ ਲੋੜੀਂਦੇ ਸਟਾਫ ਨੂੰ ਤੁਰੰਤ ਭਰਤੀ ਕੀਤਾ ਜਾਵੇ ਅਤੇ ਹਫ਼ਤੇ ਦੇ ਸਾਰੇ ਦਿਨ ਇਸ ਲਾਇਬ੍ਰੇਰੀ ਨੂੰ ਖੋਲ੍ਹਿਆ ਜਾਵੇ। ਜ਼ਿਲ੍ਹਾ ਲਾਇਬ੍ਰੇਰੀ ਦੀ ਸਹੀ ਸੰਭਾਲ ਨਾ ਹੋਣ ਕਾਰਨ ਇਸ ਵਿੱਚ ਪਈਆਂ ਸੈਂਕੜੇ ਕੀਮਤੀ ਕਿਤਾਬਾਂ ਵੀ ਖ਼ਰਾਬ ਹੋ ਗਈਆਂ ਹਨ। ਵਿਦਿਆਰਥਣ ਹਰਦੀਪ ਕੌਰ ਕੋਟਲਾ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਜ਼ਿਲ੍ਹਾ ਲਾਇਬ੍ਰੇਰੀ ਵੱਲ ਜ਼ਿੰਮੇਵਾਰੀ ਨਾਲ ਧਿਆਨ ਦਿੰਦਾ ਤਾਂ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਬੁਰਾਈਆਂ ਵਿੱਚੋਂ ਕੱਢ ਕੇ ਸਾਹਿਤ ਨਾਲ ਜੋੜਿਆ ਜਾ ਸਕਦਾ ਸੀ। ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਜ਼ਿਲ੍ਹਾ ਲਾਇਬਰੇਰੀ ਲਈ ਸਟਾਫ ਦੀ ਘਾਟ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।