ਜਸਵੰਤ ਜੱਸ
ਫ਼ਰੀਦਕੋਟ, 11 ਜੁਲਾਈ
ਫ਼ਰੀਦਕੋਟ-ਕੋਟਕਪੂਰਾ ਸੜਕ ’ਤੇ ਮਾਈ ਗੋਦੜੀ ਸਾਹਿਬ ਕਲੋਨੀ ਵਿੱਚ ਲੱਗੀ ਭਾਜਪਾ ਆਗੂ ਦੀ ਅਚਾਰ ਅਤੇ ਫੀਡ ਫੈਕਟਰੀ ‘ਤੇ ਪ੍ਰਦੂਸ਼ਣ ਫੈਲਾਉਣ ਦੇ ਦੋਸ਼ ਲਾਉਂਦਿਆਂ ਕਲੋਨੀ ਦੇ ਵਾਸੀਆਂ ਨੇ ਇਸ ਫੈਕਟਰੀ ਨੂੰ ਇੱਥੋਂ ਤੁਰੰਤ ਤਬਦੀਲ ਕਰਨ ਦੀ ਮੰਗ ਕਰਦਿਆਂ ਅੱਜ ਸੜਕ ‘ਤੇ ਜਾਮ ਲਗਾ ਦਿੱਤਾ। ਕਲੋਨੀ ਦੇ ਸਰਪੰਚ ਗੁਰਕੰਵਲ ਸਿੰਘ ਸੰਧੂ, ਡਾ. ਰਛਪਾਲ ਸਿੰਘ ਅਤੇ ਸੁਰਜੀਤ ਸਿੰਘ ਸ਼ਤਾਬ ਨੇ ਦੱਸਿਆ ਕਿ ਅਚਾਰ ਦੀ ਫੈਕਟਰੀ ਦਾ ਗੰਦਾ ਪਾਣੀ ਕਲੋਨੀ ਦੀਆਂ ਨਾਲੀਆਂ ਵਿੱਚ ਖੁੱਲ੍ਹਾ ਪਾਇਆ ਜਾਂਦਾ ਹੈ ਅਤੇ ਫੈਕਟਰੀ ਦੇ ਪਾਣੀ ਕਾਰਨ ਕਲੋਨੀ ਦੇ ਪਾਣੀ ਦੀ ਨਿਕਾਸੀ ਲਈ ਬਣਿਆ ਖਾਲਾ ਵੀ ਖਰਾਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਚਾਰ ਫੈਕਟਰੀ ਦੀ ਬਦਬੂ ਕਾਰਨ ਲੋਕਾਂ ਨੂੰ ਇੱਥੋਂ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਫੀਡ ਫੈਕਟਰੀ ਰਾਤ ਸਮੇਂ ਚੱਲਦੀ ਹੈ ਜੋ ਸ਼ੋਰ ਪ੍ਰਦੂਸ਼ਣ ਦੇ ਨਾਲ-ਨਾਲ ਧੂੜ ਉਡਾਉਂਦੀ ਹੈ, ਜਿਸ ਕਾਰਨ ਲੋਕਾਂ ਨੂੰ ਚਮੜੀ ਅਤੇ ਸਾਹ ਦੇ ਰੋਗ ਲੱਗ ਰਹੇ ਹਨ। ਉਨ੍ਹਾ ਕਿਹਾ ਕਿ ਇਸ ਸਬੰਧੀ ਫੈਕਟਰੀ ਮਾਲਕਾਂ ਨੂੰ ਕਈ ਵਾਰ ਸੂਚਿਤ ਕੀਤਾ ਗਿਆ ਹੈ ਪਰੰਤੂ ਇਸ ਦੇ ਬਾਵਜੂਦ ਫੈਕਟਰੀ ਵਿਚਲੀਆਂ ਘਾਟਾਂ ਨੂੰ ਦੂਰ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਲਿਆਂਦਾ ਸੀ ਪ੍ਰੰਤੁੂ ਕੋਈ ਕਾਰਵਾਈ ਨਹੀਂ ਹੋਈ ਜਿਸ ਕਰਕੇ ਉਨ੍ਹਾਂ ਨੂੰ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ। ਫੈਕਟਰੀ ਦੇ ਮੈਨੇਜਰ ਰਮੇਸ਼ ਕੁਮਾਰ ਗੇਰਾ ਨੇ ਕਿਹਾ ਕਿ ਉਨ੍ਹਾਂ ਦੀ ਫੈਕਟਰੀ ਪ੍ਰਦੂਸ਼ਣ ਰੋਕਣ ਲਈ ਸਾਰੀਆਂ ਸ਼ਰਤਾਂ ਦਾ ਨਿਯਮਾਂ ਅਨੁਸਾਰ ਪਾਲਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਫੈਕਟਰੀ ਨੂੰ ਸਿਆਸੀ ਰੰਜਿਸ਼ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਫੈਕਟਰੀ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ: ਡੀਸੀ
ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਕਿਹਾ ਕਿ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਫੈਕਟਰੀ ਦੀ ਨਿਯਮਾਂ ਅਨੁਸਾਰ ਚੈਕਿੰਗ ਕੀਤੀ ਜਾਵੇਗੀ ਅਤੇ ਜੇਕਰ ਫੈਕਟਰੀ ਵਿੱਚ ਖਾਮੀਆਂ ਪਾਈਆਂ ਗਈਆਂ ਫੈਕਟਰੀ ਚਾਲਕਾਂ ਖਿਲਾਫ਼ ਕਾਨੂੰਨ ਮੁਤਾਬਿਕ ਕਾਰਵਾਈ ਹੋਵੇਗੀ। ਇਸ ਭਰੋਸੇ ਤੋਂ ਬਾਅਦ ਕਲੋਨੀ ਵਾਸੀਆਂ ਨੇ ਆਪਣਾ ਧਰਨਾ ਹਾਲ ਦੀ ਘੜੀ ਵਾਪਸ ਲੈ ਲਿਆ ਹੈ। ਸਰਪੰਚ ਗੁਰਕੰਵਲ ਸਿੰਘ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਸਮੱਸਿਆ ਹੱਲ ਨਾ ਹੋਈ ਤਾਂ ਉਹ ਫਿਰ ਚੱਕਾ ਜਾਮ ਕਰਨ ਲਈ ਮਜਬੂਰ ਹੋਣਗੇ।