ਫਰੀਦਕੋਟ (ਜਸਵੰਤ ਜੱਸ): ਇੱਥੇ ਲੋਕ ਸਭਾ ਚੋਣਾਂ ਦੌਰਾਨ ਨੌਜਵਾਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦਾ ਵੋਟਰ ਲਿਸਟ ਵਿੱਚ ਨਾਮ ਨਹੀਂ ਹੈ ਜਦੋਂਕਿ ਦੋ ਸਾਲ ਪਹਿਲਾਂ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਵਿੱਚ ਆਪਣੀਆਂ ਵੋਟਾਂ ਪਾਈਆਂ ਹਨ ਅਤੇ ਚੋਣ ਕਮਿਸ਼ਨ ਵੱਲੋਂ ਬਕਾਇਦਾ ਉਨ੍ਹਾਂ ਨੂੰ ਵੋਟਰ ਕਾਰਡ ਜਾਰੀ ਕੀਤਾ ਗਿਆ ਹੈ। ਫਰੀਦਕੋਟ ਲੋਕ ਸਭਾ ਹਲਕੇ ਅੰਦਰ 1600 ਤੋਂ ਵੱਧ ਪੋਲਿੰਗ ਬੂਥਾ ਉੱਪਰ ਵੋਟ ਪਾਉਣ ਪੁੱਜੇ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਵੋਟ ਵੋਟਰ ਸੂਚੀ ਵਿੱਚੋਂ ਕਿਸ ਆਧਾਰ ’ਤੇ ਕੱਟੀ ਗਈ ਹੈ, ਇਹ ਜਾਣਕਾਰੀ ਵੀ ਨਹੀਂ ਦਿੱਤੀ ਅਤੇ ਚੋਣ ਅਮਲੇ ਨੇ ਚੋਣਾਂ ਖਤਮ ਹੋਣ ਤੋਂ ਬਾਅਦ ਇਸ ਸਬੰਧੀ ਬੀਐਲਓ ਨੂੰ ਮਿਲਣ ਦਾ ਸੁਝਾਅ ਦਿੱਤਾ ਹੈ। ਇਹ ਵੀ ਪਹਿਲੀ ਵਾਰ ਦਰਜ ਕੀਤਾ ਗਿਆ ਹੈ ਕਿ ਫਰੀਦਕੋਟ ਲੋਕ ਸਭਾ ਹਲਕੇ ਅੰਦਰ ਔਰਤਾਂ ਨੇ ਬਹੁਤ ਘੱਟ ਵੋਟਾਂ ਪਾਈਆਂ ਹਨ। ਅਕਸਰ ਔਰਤਾਂ ਦੀ ਵੋਟਿੰਗ ਮਰਦਾਂ ਨਾਲੋਂ ਵੱਧ ਰਹਿੰਦੀ ਹੈ ਪਰੰਤੂ ਇਸ ਵਾਰ ਔਰਤਾਂ ਨੇ ਸਿਰਫ 61 ਫੀਸਦੀ ਵੋਟਾਂ ਵਿੱਚ ਹਿੱਸਾ ਲਿਆ ਜਦੋਂਕਿ ਮਰਦਾਂ ਨੇ ਲਗਪਗ 65 ਫੀਸਦੀ ਵੋਟਾਂ ਵਿੱਚ ਸ਼ਮੂਲੀਅਤ ਕੀਤੀ। ਫਰੀਦਕੋਟ ਲੋਕ ਸਭਾ ਹਲਕੇ ਅੰਦਰ 72 ਫੀਸਦੀ ਤੱਕ ਪੋਲਿੰਗ ਹੁੰਦੀ ਰਹੀ ਹੈ ਪਰੰਤੂ ਇਸ ਵਾਰੀ ਸਿਰਫ 60 ਫੀਸਦੀ ਪੋਲਿੰਗ ਹੋਈ ਹੈ। ਨੌਜਵਾਨਾਂ ਦਾ ਵੋਟਰ ਲਿਸਟਾਂ ਵਿੱਚੋਂ ਨਾਮ ਕੱਟੇ ਜਾਣਾ ਵੀ ਘੱਟ ਵੋਟਿੰਗ ਦਾ ਕਾਰਨ ਮੰਨਿਆ ਜਾ ਰਿਹਾ ਹੈ। ਫਰੀਦਕੋਟ ਦੇ ਵਿਧਾਇਕ ਗੁਰਦਿਤ ਸਿੰਘ ਸੇਖੋਂ ਨੇ ਕਿਹਾ ਕਿ ਕੁਝ ਨੌਜਵਾਨਾਂ ਨੇ ਉਨ੍ਹਾਂ ਨੂੰ ਵੀ ਸ਼ਿਕਾਇਤ ਕੀਤੀ ਹੈ ਕਿ ਉਹਨਾਂ ਦਾ ਵੋਟਰ ਲਿਸਟ ਵਿੱਚ ਨਾਮ ਨਹੀਂ ਸੀ ਅਤੇ ਇਸ ਬਾਰੇ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੋਂ ਪੁੱਛਿਆ ਗਿਆ ਹੈ ਕਿ ਨੌਜਵਾਨਾਂ ਦਾ ਵੋਟਰ ਲਿਸਟ ਵਿੱਚ ਨਾਮ ਕਿਵੇਂ ਕੱਟਿਆ ਗਿਆ ਹੈ। ਜ਼ਿਲ੍ਹਾ ਚੋਣ ਅਫਸਰ ਵਨੀਤ ਕੁਮਾਰ ਨੇ ਕਿਹਾ ਕਿ ਵੋਟਰ ਲਿਸਟ ਤਿਆਰ ਹੋਣ ਤੋਂ ਬਾਅਦ ਸਾਰੇ ਵੋਟਰਾਂ ਤੇ ਉਮੀਦਵਾਰਾਂ ਵਿੱਚ ਤਕਸੀਮ ਕੀਤੀ ਗਈ ਸੀ ਅਤੇ ਵੋਟਰ ਲਿਸਟ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਤਿਆਰ ਕੀਤੀ ਗਈ ਹੈ ਅਤੇ ਪਾਰਦਰਸ਼ੀ ਤਰੀਕੇ ਨਾਲ ਬਣਾਈ ਗਈ ਹੈ।