ਫ਼ਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਪੁਲੀਸ ਨੇ ਬੀਤੇ ਦਿਨੀਂ ਇੱਥੋਂ ਦੇ ਰਿਹਾਇਸ਼ੀ ਇਲਾਕੇ ਨਿਊ ਕੈਂਟ ਰੋਡ ’ਤੇ ਇੱਕ ਡਾਕਟਰ ਦੇ ਘਰੋਂ 16 ਲੱਖ ਦੀ ਨਗਦੀ ਅਤੇ 10 ਲੱਖ ਰੁਪਏ ਦੇ ਗਹਿਣੇ ਲੁੱਟਣ ਦੀ ਘਟਨਾ ਨੂੰ ਹੱਲ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਅਵਨੀਤ ਕੌਰ ਸਿੱਧੂ ਨੇ ਕਿਹਾ ਕਿ ਇਸ ਡਕੈਤੀ ਵਿੱਚ ਘਰੇ ਕੰਮ ਕਰਦੀ ਨੌਕਰਾਣੀ ਰੀਨਾ, ਗੁਰਵਿੰਦਰ ਸਿੰਘ ਅਤੇ ਬਲਵੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਪਾਸੋਂ ਲੁੱਟੇ ਗਏ 3.12 ਲੱਖ ਰੁਪਏ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਘਟਨਾ ਵਿੱਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਹੋ ਗਿਆ ਹੈ, ਜਿਸ ਉੱਪਰ ਫਰ਼ਜ਼ੀ ਨੰਬਰ ਲਿਖਿਆ ਗਿਆ ਸੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਇੱਥੇ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲੀਸ ਮੁਖੀ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਕੋਲੋਂ ਹੋਰ ਵੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ 16 ਜੁਲਾਈ ਨੂੰ ਲੁੱਟ-ਖੋਹ ਤੋਂ ਬਾਅਦ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਪਰਚਾ ਦਰਜ ਕੀਤਾ ਸੀ ਅਤੇ ਇਸ ਮਾਮਲੇ ਵਿੱਚ ਸ਼ਾਮਿਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਘਟਨਾ ਵਿੱਚ ਡੌਲੀ ਜੈਨ ਨਾਮ ਦੀ ਔਰਤ ਨੂੰ ਬੰਦੀ ਬਣਾ ਕੇ ਘਰ ਵਿੱਚ ਡਾਕਾ ਮਾਰਿਆ ਗਿਆ ਸੀ।