ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 15 ਮਈ
ਲੋਕ ਸਭਾ ਹਲਕਾ ਫ਼ਰੀਦਕੋਟ ਵਿੱਚ ਚੋਣ ਅਖਾੜਾ ਭੱਖ ਗਿਆ ਹੈ। ਨਾਮਜ਼ਦਗੀ ਭਰਨ ਦਾ ਕੰਮਕਾਜ ਮੁਕੰਮਲ ਹੋਣ ਮਗਰੋਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਆਪੋ-ਆਪਣੇ ਮੋਰਚੇ ਸੰਭਾਲ ਲਏ ਹਨ।
ਹਲਕੇ ਅੰਦਰ ਸਿਆਸੀ ਫਿਜ਼ਾ ਇਸ ਸਮੇਂ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਅਤੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਵੱਲ ਵਗਦੀ ਨਜ਼ਰ ਆ ਰਹੀ ਹੈ। ਫਿਲਹਾਲ ਹਾਲਾਤ ਦੋਵਾਂ ਪਾਰਟੀਆਂ ਵਿਚਕਾਰ ਸਿੱਧੀ ਟੱਕਰ ਹੋਣ ਦੇ ਹਨ। ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਆਪਣੇ ਪਾਰਟੀ ਦੇ ਪੁਰਾਣੇ ਵੋਟ ਬੈਂਕ ਨੂੰ ਇਕੱਠਾ ਕਰਨ ਵਿੱਚ ਜੁਟੇ ਹੋਏ ਹਨ ਜਦਕਿ ਦੂਜੇ ਪਾਸੇ ਕਾਂਗਰਸ ਆਪਣਿਆਂ ਨੂੰ ਮਨਾਉਣ ਵਿੱਚ ਸਫ਼ਲ ਨਹੀਂ ਹੋ ਸਕੀ। ਫ਼ਰੀਦਕੋਟ ਤੋਂ 2017 ਦੀਆਂ ਚੋਣਾਂ ਜਿੱਤੇ ਕਾਂਗਰਸੀ ਸੰਸਦ ਮੈਂਬਰ ਮੁਹੰਮਦ ਸਦੀਕ ਲਗਾਤਾਰ ਨਰਾਜ਼ ਚੱਲ ਰਹੇ ਹਨ। ਉਨ੍ਹਾਂ ਨੂੰ ਮਨਾਉਣ ਵਿੱਚ ਪਾਰਟੀ ਵੱਲੋਂ ਖਾਸ ਦਿਲਚਸਪੀ ਨਹੀਂ ਦਿਖਾਈ ਜਾ ਰਹੀ।
ਪਾਲੀਵੁੱਡ ਅਦਾਕਾਰਾ ਵੱਲੋਂ ਕਰਮਜੀਤ ਅਨਮੋਲ ਦੇ ਹੱਕ ਪ੍ਰਚਾਰ ਕਰਨ ਨਾਲ ਨੌਜਵਾਨ ਵੋਟਰਾਂ ਵਿੱਚ ਕਰਮਜੀਤ ਅਨਮੋਲ ਦੀ ਖਿੱਚ ਵਧੀ ਨਜ਼ਰ ਆ ਰਹੀ ਹੈ। ਉਧਰ ਕਿਸਾਨਾਂ ਵੱਲੋਂ ਭਾਵੇਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਪਰ ਇਸ ਦਾ ਫ਼ਾਇਦਾ ਹੰਸ ਨੂੰ ਮਿਲ ਰਿਹਾ ਹੈ। ਹੰਸ ਨੂੰ ਵਿਰੋਧ ਕਰਕੇ ਕੌਮੀ ਮੀਡੀਆ ਵਿੱਚ ਸੁਰਖੀਆਂ ਭਾਰ ਰਹੀ ਹੈ ਤੇ ਉਨ੍ਹਾਂ ਨੂੰ ਪ੍ਰਚਾਰ ਕਰਨ ਵਿੱਚ ਔਖ ਮਹਿਸੂਸ ਨਹੀਂ ਹੋ ਰਹੀ।
ਚੇਤੇ ਰਹੇ ਕਿ ਫ਼ਰੀਦਕੋਟ ਲੋਕ ਸਭਾ ਹਲਕਾ ਰਿਜ਼ਰਵ ਹਲਕਾ ਹੈ। ਜੇਕਰ ਹੰਸ ਰਾਜ ਹੰਸ ਹਲਕੇ ਅੰਦਰ ਐਸਸੀ ਅਤੇ ਡੇਰਾ ਵੋਟ ਦੇ ਉਹ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਹੋ ਜਾਂਦੇ ਹਨ ਤੇ ਸਿੱਧਾ ਮੁਕਾਬਲੇ ਆਪ ਤੇ ਭਾਜਪਾ ਉਮੀਦਵਾਰ ਵਿਚਕਾਰ ਹੋਣਾ ਤੈਅ ਹੋਵੇਗਾ।