ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 7 ਦਸੰਬਰ
ਤਿੰਨ ਕਿਸਾਨ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਫਸਲਾਂ ਦੀ ਸਾਂਭ-ਸੰਭਾਲ ਲਈ ਖੇਤ ਮਜ਼ਦੂਰ ਅੱਗੇ ਆ ਗਏ ਹਨ। ‘ਪੰਜਾਬ ਖੇਤ ਮਜ਼ਦੂਰ ਯੂਨੀਅਨ’ ਦੀ ਅਗਵਾਈ ਹੇਠ ਖੇਤ ਮਜ਼ਦੂਰਾਂ ਨੇ ਫੈਸਲਾ ਕੀਤਾ ਹੈ ਕਿ ਖੇਤੀ ਤੇ ਪਸ਼ੂਆਂ ਦੀ ਸੰਭਾਲ ਲਈ ਉਹ ਹਰ ਵਕਤ ਤਿਆਰ ਹਨ। ਇਸ ਸਬੰਧੀ ਪਿੰਡਾਂ ‘ਚ ਹੋਕੇ ਵੀ ਦਿੱਤੇ ਜਾ ਰਹੇ ਹਨ।
ਯੂਨੀਅਨ ਦੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ ਅਤੇ ਕਾਕਾ ਸਿੰਘ ਖੁੰਡੇ ਹਲਾਲ ਨੇ ਦੱਸਿਆ ਕਿ ਭਾਵੇਂ ਪਿਛਲੇ ਸਮੇਂ ਵਿੱਚ ਝੋਨੇ ਦੀ ਬਿਜਾਈ ਨੂੰ ਲੈ ਕੇ ਕਿਸਾਨਾਂ ਤੇ ਮਜ਼ਦੂਰਾਂ ‘ਚ ਕੁਝ ਅਖੌਤੀ ਆਗੂਆਂ ਵੱਲੋਂ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਫਿਰ ਵੀ ਯੂਨੀਅਨ ਵੱਲੋਂ ਇਸ ਪਾੜੇ ਨੂੰ ਖਤਮ ਕਰਨ ਲਈ ਭਾਈਚਾਰਕ ਸਾਂਝ ਪੈਦਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਕਿਸਾਨ ਸੰਘਰਸ਼ ਆਪਣੀ ਚਰਮ ਸੀਮਾ ਉਪਰ ਹੈ। ਬਹੁਤ ਸਾਰੇ ਅਜਿਹੇ ਕਿਸਾਨ ਵੀ ਇਸ ਸੰਘਰਸ਼ ਵਿੱਚ ਦਿੱਲੀ ਪੁੱਜੇ ਹੋਏ ਹਨ ਜਿਨ੍ਹਾਂ ਦੀਆਂ ਫਸਲਾਂ ਤੇ ਪਸ਼ੂਆਂ ਦੀ ਸਾਂਭ ਸੰਭਾਲ ਲਈ ਘਰਾਂ ਵਿੱਚ ਕੋਈ ਵਿਅਕਤੀ ਨਹੀਂ ਹੈ। ਇਸ ਲਈ ਯੂਨੀਅਨ ਵੱਲੋਂ ਪਿੰਡਾਂ ‘ਚ ਆਪਣੇ ਵਰਕਰਾਂ ਨੂੰ ਅਜਿਹੇ ਕਿਸਾਨਾਂ ਦੀ ਮਦਦ ਲਈ ਲਾਮਬੰਦ ਕੀਤਾ ਜਾ ਰਿਹਾ ਹੈ। ਪਿੰਡ ਖੁੰਡੇ ਹਲਾਲ ਦੀ ਜ਼ਿੰਮੇਵਾਰੀ ਤਰਸੇਮ ਸਿੰਘ ਖੁੰਡੇ ਹਲਾਲ, ਕਾਕਾ ਸਿੰਘ ਖੁੰਡੇ ਹਲਾਲ, ਕਾਕਾ ਸਿੰਘ ਬਿੱਲੂ ਅਤੇ ਹਰਜੀਤ ਸਿੰਘ ਨੇ ਸਾਂਭੀ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਕਿਸਾਨ ਉਨ੍ਹਾਂ ਨਾਲ ਸੰਪਰਕ ਕਰਕੇ ਆਪਣੀ ਸਮੱਸਿਆ ਦੱਸ ਸਕਦਾ ਹੈ। ਇਸੇ ਤਰ੍ਹਾਂ ਪਿੰਡ ਭੁੱਟੀਵਾਲਾ ਵਿਖੇ ਬਾਜ਼ ਸਿੰਘ, ਖੂਨਣ ਖੁਰਦ ਵਿਖੇ ਕਾਲਾ ਸਿੰਘ ਤੇ ਰਾਜਾ ਸਿੰਘ, ਪਿੰਡ ਸੰਗੂਧੌਣ ਵਿਖੇ ਜਸਵਿੰਦਰ ਸਿੰਘ, ਗੁਰਦੇਵ ਸਿੰਘ ਖਾਲਸਾ ਅਤੇ ਸ਼ਿੰਦਾ ਸਿੰਘ, ਭਾਗਸਰ ਵਿਖੇ ਅਮਰੀਕ ਸਿੰਘ ਤੇ ਭਿੰਦਰ ਸਿੰਘ, ਪਿੰਡ ਬੀੜ ਸਰਕਾਰ ਵਿਖੇ ਗੁਰਜੰਟ ਸਿੰਘ, ਸੁਖਦੇਵ ਸਿੰਘ, ਹਰੀ ਚੰਦ, ਪੱਪਾ ਸਿੰਘ ਅਤੇ ਪਿੰਡ ਲੱਖੇਵਾਲੀ ਪਿੰਡ ਬੱਗੜ ਸਿੰਘ ਤੇ ਗੋਗਾ ਸਿੰਘ ਨਾਲ ਇਨ੍ਹਾਂ ਪਿੰਡਾਂ ਦੇ ਲੋੜਵੰਦ ਕਿਸਾਨ ਸੰਪਰਕ ਕਰ ਸਕਦੇ ਹਨ।