ਮਹਿੰਦਰ ਸਿੰਘ ਰੱਤੀਆਂ
ਮੋਗਾ, 9 ਜੁਲਾਈ
ਪਿੰਡ ਅਮੀ ਵਾਲਾ ’ਚ 28 ਜੂਨ ਦੀ ਰਾਤ ਨੂੰ ਛਾਪਾ ਮਾਰਨ ਗਈ ਗਈ ਪੁਲੀਸ ਪਾਰਟੀ ਨੂੰ ਬੰਦੀ ਬਣਾ ਕੇ ਹਥਿਆਰ ਖੋਹਣ ਦੇ ਮਾਮਲੇ ਵਿਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਕਿਸਾਨ ਆਗੂ ਦੀ ਡੀਐੱਮਸੀ ਲੁਧਿਆਣਾ ਵਿੱਚ ਲੰਘੀ ਰਾਤ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਲਕੀਤ ਸਿੰਘ ਵਜੋਂ ਹੋਈ ਹੈ ਅਤੇ ਉਹ ਕਿਸਾਨ ਬੀਕੇਯੂ ਬਹਿਰਾਮਕੇ ਦਾ ਸੂਬਾਈ ਆਗੂ ਸੀ।
ਡੀਐੱਸਪੀ ਧਰਮਕੋਟ ਅਮਰਜੀਤ ਸਿੰਘ ਨੇ ਕਿਸਾਨ ਆਗੂ ਮਲਕੀਤ ਸਿੰਘ ਦੀ ਮੌਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲੀਸ ਪਾਰਟੀ ਲੁਧਿਆਣਾ ਡੀਐੱਮਸੀ ਗਈ ਹੋਈ ਹੈ। ਇਥੇ ਲਾਸ਼ ਆਉਣ ’ਤੇ ਸਥਾਨਕ ਸਿਵਲ ਹਸਪਤਾਲ ਵਿਚੋਂ ਪੋਸਟ ਮਾਰਟਮ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੌਤ ਮਗਰੋਂ ਥਾਣਾ ਧਰਮਕੋਟ ਵਿਚ ਦਰਜ ਜਾਨ ਲੇਵਾ ਹਮਲੇ ਦੇ ਦੋਸ਼ ਹੇਠ ਦਰਜ ਕੇਸ ਨੂੰ ਕਤਲ ਮਾਮਲੇ ਵਿਚ ਤਬਦੀਲ ਕਰ ਦਿੱਤਾ ਹੈ। ਬੀਕੇਯੂ ਬਹਿਰਾਮਕੇ ਦੇ ਸੂਬਾ ਸਕੱਤਰ ਮਲਕੀਤ ਸਿੰਘ ਬੰਦੀ ਬਣਾਈ ਪੁਲੀਸ ਪਾਰਟੀ ਨੂੰ ਛੁਡਾਉਣ ਤੇ ਝਗੜਾ ਨਿਬੇੜਨ ਲਈ ਗਿਆ ਸੀ। ਇਸ ਦੌਰਾਨ ਕਿਸਾਨ ਆਗੂ ਮਲਕੀਤ ਸਿੰਘ ਦੇ ਪੇਟ ਵਿੱਚ ਗੋਲੀ ਲੱਗੀ। ਪੁਲੀਸ ਮੁਤਾਬਕ ਇਸ ਮਾਮਲੇ ਵਿੱਚ ਦੋ ਮੁੱਖ ਮੁਲਜ਼ਮਾਂ ਸਮੇਤ 6 ਨੂੰ ਪੁਲੀਸ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਥੇ ਦੱਸਣਯੋਗ ਹੈ ਕਿ 28 ਜੂਨ ਨੂੰ ਥਾਣਾ ਧਰਮਕੋਟ ਪੁਲੀਸ ਪਿੰਡ ਅਮੀਵਾਲਾ ਵਿਖੇ ਛਾਪਾ ਮਾਰਨ ਗਈ ਸੀ। ਇਸ ਮੌਕੇ ਹਜੂਮ ਨੇ ਪੁਲੀਸ ’ਤੇ ਪਥਰਾਅ ਕਰ ਦਿੱਤਾ। ਸਰਕਾਰੀ ਹਥਿਆਰਾਂ ਤੇ ਪੁਲੀਸ ਗੱਡੀ ਦੀ ਚਾਬੀ ਖੋਹ ਲਈ। ਇਸ ਦੌਰਾਨ ਦੋਵਾਂ ਪਾਸਿਓਂ ਗੋਲੀਬਾਰੀ ਹੋਈ, ਜਿਸ ਵਿੱਚ ਕਿਸਾਨ ਆਗੂ ਤੋਂ ਇਲਾਵਾ ਇੱਕ ਏਐੱਸਆਈ, ਇੱਕ ਹੌਲਦਾਰ ਤੇ ਹੋਮਗਾਰਡ ਵਾਲੰਟੀਅਰ ਜ਼ਖ਼ਮੀ ਹੋ ਗਏ ਸਨ। ਕਿਸਾਨ ਆਗੂ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਲੁਧਿਆਣਾ ਡੀਐੱਮਸੀ ਰੈਫ਼ਰ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਥਾਣਾ ਧਰਮਕੋਟ ਮੁਖੀ ਇੰਸਪੈਕਟਰ ਨਵਦੀਪ ਸਿੰਘ ਭੱਟੀ ਦੇ ਬਿਆਨ ’ਤੇ ਪਿੰਡ ਅਮੀਵਾਲਾ ਨਿਵਾਸੀ ਹਰਪ੍ਰੀਤ ਸਿੰਘ ਉਰਫ਼ ਹੈਪੀ, ਉਸ ਦੀ ਪਤਨੀ ਲਵਪ੍ਰੀਤ ਕੌਰ, ਭਰਾ ਧਰਮਪ੍ਰੀਤ ਸਿੰਘ, ਪਿਤਾ ਕਰਨੈਲ ਸਿੰਘ, ਭੈਣ ਪਰਮਜੀਤ ਕੌਰ, ਗੁਰਪ੍ਰੀਤ ਸਿੰਘ ਉਰਫ਼ ਗੋਪੀ ਤੋਂ ਇਲਾਵਾ 15/20 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਮ੍ਰਿਤਕ ਕਿਸਾਨ ਦੇ ਪਰਿਵਾਰ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਵਿਦੇਸ਼ ਵਿੱਚ ਰਹਿੰਦੇ ਹਨ ਜਿਨ੍ਹਾਂ ਦੇ ਆਉਣ ਤੋਂ ਬਾਅਦ 11 ਜੁਲਾਈ ਨੂੰ ਮਲਕੀਤ ਸਿੰਘ ਦਾ ਸਸਕਾਰ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਦਾ ਪੋਸਟਮਾਰਟਮ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਕਰਵਾਇਆ ਜਾਵੇਗਾ ਜਿਸ ਲਈ ਪੁਲੀਸ ਨੇ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ