ਪੱਤਰ ਪ੍ਰੇਰਕ
ਮਾਨਸਾ, 20 ਜਨਵਰੀ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਭਲਕੇ 21 ਜਨਵਰੀ ਨੂੰ ਬਰਨਾਲਾ ਦੀ ਦਾਣਾ ਮੰਡੀ ਵਿੱਚ ਕੀਤੀ ਜਾ ਰਹੀ ਜੁਝਾਰ ਰੈਲੀ ਦੀਆਂ ਮਾਲਵਾ ਖੇਤਰ ਵਿੱਚ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਇਸ ਰੈਲੀ ਵਿੱਚ ਵੱਡਾ ਇਕੱਠ ਕਰਨ ਲਈ ਜਥੇਬੰਦੀਆਂ ਦੀਆਂ ਜ਼ਿਲ੍ਹਾ ਇਕਾਈਆਂ ਵੱਲੋਂ ਪਿੰਡਾਂ ਵਿੱਚ ਲਗਾਤਾਰ ਲਾਮਬੰਦ ਰੈਲੀਆਂ ਕਰਨ ਦਾ ਸਿਲਸਿਲਾ ਜਾਰੀ ਹੈ। ਜਥੇਬੰਦੀ ਵੱਲੋਂ ਪਹਿਲਾਂ ਇਹ ਰੈਲੀ ਬਰਨਾਲਾ ਵਿੱਚ ਹੀ 10 ਜਨਵਰੀ ਨੂੰ ਕੀਤੀ ਜਾਣੀ ਸੀ, ਪਰ ਉਸ ਦਿਨ ਮੌਸਮ ਬੇਹੱਦ ਮਾੜਾ ਰਹਿਣ ਦੀ ਮਿਲੀ ਸੂਚਨਾ ਕਾਰਨ ਇਸ ਨੂੰ ਮੁਲਤਵੀ ਕਰਕੇ 21 ਜਨਵਰੀ ’ਤੇ ਪਾਇਆ ਗਿਆ ਸੀ। ਜਥੇਬੰਦੀ ਵੱਲੋਂ ਅੱਜ ਕਾਂਗਰਸ ਪਾਰਟੀ ਦੇ ਉਮੀਦਵਾਰ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਅਤੇ ਬੁਰਜ ਢਿੱਲਵਾਂ ਵਿੱਚ ਕੀਤੀ ਗਈ ਇੱਕ ਰੈਲੀ ਦੌਰਾਨ ਲੋਕਾਂ ਨੂੰ ਵੋਟ ਬਟੋਰੂ ਹਰ ਤਰ੍ਹਾਂ ਦੇ ਟੋਲਿਆਂ ਦਾ ਕਿਸਾਨੀ-ਮਜ਼ਦੂਰੀ ਦੇ ਵਿਰੋਧ ਵਿੱਚ ਅਤੇ ਖੇਤੀ ਕਾਨੂੰਨਾਂ ਵਿੱਚ ਰਹੀ ਦੋਗਲੀ ਨੀਤੀ ਦਾ ਚਿਹਰਾ ਨੰਗਾ ਕੀਤਾ ਅਤੇ ਕਿਸਾਨਾਂ-ਮਜ਼ਦੂਰਾਂ ਸਿਰ ਚੜ੍ਹਿਆ ਕਰਜ਼ਾ ਰੱਦ ਕਰਵਾਉਣ ਦੀ ਲੜਾਈ ਦਾ ਮੁੱਢ ਬੰਨ੍ਹਿਆ ਜਾ ਰਿਹਾ ਹੈ। ਲਾਮਬੰਦੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਭਲਕੇ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਬਰਨਾਲਾ ਦੀ ਦਾਣਾ ਮੰਡੀ ’ਚ ਪਹੁੰਚੋੋੋ।