ਪਰਸ਼ੋਤਮ ਬੱਲੀ
ਬਰਨਾਲਾ, 11 ਅਗਸਤ
ਖੇਤੀ ਕਾਨੂੰਨਾਂ ਖਿਲਾਫ਼ ਇੱਥੇ ਰੇਲਵੇ ਸਟੇਸ਼ਨ ’ਤੇ ਲੱਗੇ ਸਾਂਝੇ ਕਿਸਾਨੀ ਧਰਨੇ ਦੌਰਾਨ ਅੱਜ ਬੁਲਾਰਿਆਂ ਨੇ ਸਪੱਸ਼ਟ ਕੀਤਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਸਿਰਫ਼ ਬੀਜੇਪੀ ਨੇਤਾਵਾਂ ਦੀਆਂ ਜਨਤਕ ਸਿਆਸੀ ਸਰਗਰਮੀਆਂ ਦੇ ਹੀ ਵਿਰੋਧ/ਘਿਰਾਉ ਕਰਨ ਬਾਰੇ ਹੈ ਕਿਉਂਕਿ ਇਹ ਸਿਆਸੀ ਪਾਰਟੀ ਹੀ ਸਿੱਧੇ ਤੌਰ ਉੱਤੇ ਕਾਲੇ ਖੇਤੀ ਕਾਨੂੰਨ ਬਣਾਉਣ ਲਈ ਜ਼ਿੰਮੇਵਾਰ ਹੈ। ਕੁੱਝ ਥਾਵਾਂ ’ਤੇ ਦੂਸਰੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੂੰ ਕਾਲੇ ਝੰਡੇ ਦਿਖਾਉਣ ਅਤੇ ਘਿਰਾਉ ਕਰਨ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਅਜਿਹੀਆਂ ਕਾਰਵਾਈਆਂ ਦੇ ਫੈਸਲੇ, ਸਿਆਸੀ ਨੇਤਾਵਾਂ ਦੇ ਦੋਗਲੇ ਤੇ ਲੋਕ-ਵਿਰੋਧੀ ਕਿਰਦਾਰ ਤੋਂ ਅੱਕੇ ਲੋਕਾਂ ਵੱਲੋਂ, ਆਪਣੇ ਪੱਧਰ ’ਤੇ ਸਥਾਨਕ ਹਾਲਤ ਅਨੁਸਾਰ ਲਏ ਜਾਂਦੇ ਹਨ। ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਗੋਰਾ ਸਿੰਘ ਢਿੱਲਵਾਂ, ਬਾਬੂ ਸਿੰਘ ਖੁੱਡੀ ਕਲਾਂ, ਬਲਵੰਤ ਸਿੰਘ ਠੀਕਰੀਵਾਲਾ, ਪ੍ਰੇਮਪਾਲ ਕੌਰ, ਅਮਰਜੀਤ ਕੌਰ, ਬਲਜੀਤ ਸਿੰਘ ਚੌਹਾਨਕੇ, ਬਲਵੀਰ ਕੌਰ ਕਰਮਗੜ੍ਹ, ਮਨਜੀਤ ਕੌਰ ਖੁੱਡੀ ਕਲਾਂ, ਮਨਜੀਤ ਰਾਜ, ਗੁਰਚਰਨ ਸਿੰਘ ਸੁਰਜੀਤਪੁਰਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਧਰਨਾਕਾਰੀਆਂ ਨੂੰ ਕੱਲ੍ਹ 12 ਅਗਸਤ ਨੂੰ ਬਰਨਾਲਾ ਧਰਨੇ ਦੀ ਬਜਾਏ ਸਿੱਧਾ ਮਹਿਲ ਕਲਾਂ ਕਿਰਨਜੀਤ ਕੌਰ ਸ਼ਹੀਦੀ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ।
ਆਗੂਆਂ ਨੇ ਦੱਸਿਆ ਕਿ ਸੰਯਕੁਤ ਕਿਸਾਨ ਮੋਰਚੇ ਨੇ ਸੱਦਾ ਦਿੱਤਾ ਹੋਇਆ ਹੈ ਕਿ 15 ਅਗਸਤ ਨੂੰ ਅਧਿਕਾਰਤ ਸਰਕਾਰੀ ਤਿਰੰਗਾ ਪ੍ਰੋਗਰਾਮਾਂ ਅਤੇ ਤਿਰੰਗਾ ਯਾਤਰਾਵਾਂ ਦਾ ਵਿਰੋਧ ਨਹੀਂ ਕੀਤਾ ਜਾਵੇਗਾ। ਉਸ ਦਿਨ ਧਰਨਾ ਸਥਾਨ ਤੋਂ ਡੀ.ਸੀ ਦਫਤਰ ਤੱਕ ਤਿਰੰਗਾ ਯਾਤਰਾ ਕੀਤੀ ਜਾਵੇਗੀ ਜਿਸ ਲਈ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਅੱਜ ਰਘਵੀਰ ਸਿੰਘ ਕੱਟੂ ਤੇ ਨਰਿੰਦਰਪਾਲ ਸਿੰਗਲਾ ਨੇ ਇਨਕਲਾਬੀ ਕਵਿਤਾਵਾਂ ਸੁਣਾਈਆਂ।