ਸੁੰਦਰ ਨਾਥ ਆਰੀਆ
ਅਬੋਹਰ, 24 ਸਤੰਬਰ
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਆਰਡੀਨੈਂਸ ਦੇ ਵਿਰੋਧ ਵਿੱਚ ਅੱਜ ਕਾਂਗਰਸੀ ਆਗੂ ਸੰਦੀਪ ਜਾਖੜ ਦੀ ਅਗਵਾਈ ਹੇਠ ਟੈਰਕਟਰ ਰੈਲੀ ਕੱਢੀ ਗਈ। ਇਹ ਰੈਲੀ ਪਿੰਡ ਪੰਜਕੋਸੀ ਤੋਂ ਰਵਾਨਾ ਹੋਈ। ਇਹ ਰੈਲੀ ਖੁਈਆਂ ਸਰਵਰ ਹੁੰਦੇ ਹੋਏ ਆਲਮਗੜ੍ਹ ਬਾਈਪਾਸ ਪੁੱਜੀ ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨ ਆਪਣੇ ਟਰੈਕਟਰ ਲੈ ਕੇ ਪੁੱਜੇ ਅਤੇ ਅਬੋਹਰ ਵਿੱਚ ਰੈਲੀ ਕੱਢੀ। ਰੈਲੀ ਵਿੱਚ ਕਰੀਬ 3000 ਟਰੈਕਟਰ ਪੁੱਜੇ। ਸੰਦੀਪ ਜਾਖੜ ਨੇ ਦੱਸਿਆ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਬਿਲ ਵਾਪਸ ਨਹੀਂ ਲਿਆ ਜਾਂਦਾ ਤੱਦ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।
ਬੋਹਾ (ਪੱਤਰ ਪ੍ਰੇਰਕ): ਮਾਰਕੀਟ ਕਮੇਟੀ ਬੋਹਾ ਦੇ ਅਹੁਦੇਦਾਰਾਂ ਤੇ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਅੱਜ ਮਾਰਕੀਟ ਕਮੇਟੀ ਦੇ ਮੁੱਖ ਗੇਟ ਕੋਲ ਕਿਸਾਨ ਆਰਡੀਨੈਂਸਾਂ ਦੇ ਵਿਰੋਧ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰਥੀ ਫੂਕੀ ਗਈ। ਮਾਰਕੀਟ ਕਮੇਟੀ ਦੇ ਚੇਅਰਮੈਨ ਜਗਦੇਵ ਸਿੰਘ ਘੋਘਾ ਸਿੰਘ, ਮੈਂਬਰ ਪਰੇਮ ਕੁਮਾਰ ਮੰਗਲਾ, ਪੰਜਾਬ ਸਰਵਿਸ ਕਮਿਸ਼ਨ ਦੇ ਮੈਂਬਰ ਬਿਹਾਰੀ ਸਿੰਘ , ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਮੰਗਲਾ ਤੇ ਆੜਤੀਆ ਐਸੋਸੀਏਸ਼ਨ ਦੇ ਆਗੂ ਕਾਮਰੇਡ ਜਗਨ ਨਾਥ ਨੇ ਕਿਹਾ ਕਿ ਮੋਦੀ ਸਰਕਾਰ ਕਰੋਨਾ ਕਾਲ ਦੀ ਆੜ ਹੇਠ ਕਿਸਾਨ ਵਿਰੋਧੀ ਅਰਡੀਨੈਂਸ ਨੂੰ ਕਾਨੂੰਨ ਦਾ ਰੂਪ ਦੇਣ ਜਾ ਰਹੀ ਹੈ।
ਜ਼ੀਰਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਜੱਲੇਵਾਲਾ , ਜ਼ਿਲ੍ਹਾ ਮੀਤ ਪ੍ਰਧਾਨ ਨਾਇਬ ਸਿੰਘ, ਬਲਾਕ ਪ੍ਰਧਾਨ ਸੁਖਪਾਲ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਬੋਤੀਆਂਵਾਲਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ। ਇਸ ਸਮੇਂ ਸਾਰੀਆਂ ਕਿਸਾਨ ਯੂਨੀਅਨਾਂ ਸ਼ਾਮਿਲ ਹੋਈਆਂ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਕਰੋਨਾ ਦੇ ਮਾੜੇ ਦੌਰ ਵਿੱਚ ਕਿਸਾਨਾਂ ਦੀ ਬਾਂਹ ਫੜਨ ਦੀ ਬਜਾਏ ਖੇਤੀ ਆਰਡੀਨੈਂਸਾਂ ਦੇ ਤਿੰਨ ਕਾਲੇ ਬਿੱਲ ਪਾਸ ਕੀਤੇ ਹਨ, ਜਿਸ ਦੇ ਵਿਰੋਧ ਵਿੱਚ 25 ਸਤੰਬਰ ਨੂੰ ਪੰਜਾਬ ਬੰਦ ਕੀਤਾ ਜਾ ਰਿਹਾ ਹੈ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਜੀਐਚਟੀਪੀ ਕੰਟਰੈਕਟ ਵਰਕਰਜ਼ ਯੂਨੀਅਨ (ਏਟਕ) ਲਹਿਰਾ ਮੁਹੱਬਤ ਵੱਲੋਂ ਥਰਮਲ ਮਾਰਕੀਟ ਕੋਲ ਕੌਮੀ ਮਾਰਗ ‘ਤੇ ਪ੍ਰਧਾਨ ਪਰਗਟ ਸਿੰਘ ਦੀ ਅਗਵਾਈ ਹੇਠ ਖੇਤੀ ਆਰਡੀਨੈਂਸਾਂ ਦੇ ਵਿਰੋਧ ਅਤੇ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਦੀ ਪੂਰਤੀ ਲਈ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ ਅਤੇ ਥਰਮਲ ਦੇ ਚੀਫ਼ ਇੰਜਨੀਅਰ ਨੂੰ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਵੀ ਸੌਂਪਿਆ ਗਿਆ।
ਬਰਨਾਲਾ (ਖੇਤਰੀ ਪ੍ਰਤੀਨਿਧ): ਕੇਂਦਰੀ ਖੇਤੀ ਆਰਡੀਨੈਂਸਾਂ ਖਿਲਾਫ਼ ਅੱਜ ਭਾਰਤੀ ਕਿਸਾਨ ਯੂਨੀਅਨ(ਏਕਤਾ)ਉਗਰਾਹਾਂ ਵੱਲੋਂ ਬਰਨਾਲਾ ਸ਼ਹਿਰ ਵਿਚ ਵੱਡੀ ਗਿਣਤੀ ਕਿਸਾਨ ਮਰਦ-ਔਰਤਾਂ ਨੇ ਧੂਰੀ-ਬਠਿੰਡਾ ਰੇਲਵੇ ਟਰੈਕ ਉੱਪਰ ਧਰਨਾ ਦਿੱਤਾ। ਇਸ ਧਰਨੇ ਵਿੱਚ ਜ਼ਿਲ੍ਹਾ ਬਠਿੰਡਾ ਦੇ ਬਲਾਕ ਰਾਮਪੁਰਾ ਦੀ ਇਕਾਈ ਨੇ ਵੀ ਸ਼ਿਰਕਤ ਕੀਤੀ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ) : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਆਰਡੀਨੈਂਸਾਂ ਖਿਲਾਫ 25 ਸਤੰਬਰ ਦੇ ਪੰਜਾਬ ਬੰਦ ਦੀ ਸਫਲਤਾ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਵਿੱਚ ਰੋਸ ਮਾਰਚ ਕੱਢਿਆ ਗਿਆ। ਨਵੀਂ ਦਾਣਾ ਮੰਡੀ, ਘਾਹ ਮੰਡੀ ਚੌਕ ਤੇ ਮਸੀਤ ਚੌਂਕ ਵਿੱਚ ਬੋਲਦਿਆਂ ਕਿਸਾਨ ਆਗੂਆਂ ਗੁਰਾਂਦਿੱਤਾ ਸਿੰਘ ਭਾਗਸਰ, ਸੁਖਰਾਜ ਸਿੰਘ ਰਹੂੜਿਆਂ ਵਾਲੀ ਤੇ ਹਰਫੂਲ ਸਿੰਘ ਭਾਗਸਰ ਨੇ ਆੜ੍ਹਤੀਆਂ, ਵਪਾਰੀਆਂ, ਦੁਕਾਨਦਾਰਾਂ ਸਮੇਤ ਸਭਨਾਂ ਵਰਗਾਂ ਨੂੰ ਪੰਜਾਬ ਬੰਦ ਦੀ ਅਪੀਲ ਕਰਦਿਆਂ ਆਖਿਆ ਕਿ ਆਰਡੀਨੈਂਸਾਂ ਦਾ ਹਮਲਾ ਕੇਵਲ ਕਿਸਾਨੀ ’ਤੇ ਨਹੀਂ ਸਾਰੇ ਵਰਗਾਂ ਨੂੰ ਆਪਣੀ ਮਾਰ ਹੇਠ ਲੈਣ ਵਾਲਾ ਹੈ। ਮਾਰਚ ਵਿੱਚ ਸ਼ਾਮਲ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ ਤੇ ਸਕੱਤਰ ਰਾਮ ਸਵਰਨ ਲੱਖੇਵਾਲੀ ਨੇ ਸੰਬੋਧਨ ਕੀਤਾ।
ਕਲਾਕਾਰਾਂ ਵੱਲੋਂ ਅੰਨਦਾਤੇ ਦੇ ਹੱਕ ’ਚ ਲਾਮਬੰਦੀ
ਟੱਲੇਵਾਲ (ਲਖਵੀਰ ਸਿੰਘ ਚੀਮਾ): ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿੱਲਾਂ ਦੇ ਵਿਰੋਧ ’ਚ ਪੰਜਾਬ ਦੇ ਕਿਸਾਨਾਂ ਵਲੋਂ ਆਰ ਪਾਰ ਦਾ ਸੰਘਰਸ਼ ਸ਼ੁਰੂ ਕੀਤਾ ਗਿਆ ਹੈ। ਪੰਜਾਬ ਦੇ ਕਲਾਕਾਰ ਵੀ ਕਿਸਾਨਾਂ ਦੇ ਹੱਕ ਵਿੱਚ ਸੜਕਾਂ ’ਤੇ ਉਤਰੇ ਹਨ, ਉਨ੍ਹਾਂ ਵਲੋਂ ਗੀਤਾਂ ਰਾਹੀਂ ਵੀ ਕਿਸਾਨਾਂ ਦੀ ਆਵਾਜ਼ ਉਠਾਈ ਜਾ ਰਹੀ ਹੈ। ਉਨ੍ਹਾਂ ਵਲੋਂ ਗੀਤਾਂ ਰਾਹੀਂ ਸਰਕਾਰਾਂ ਨੂੰ ਕਿਸਾਨਾਂ ਦੇ ਰੋਹ ਦੀ ਚਿਤਾਵਨੀ ਵੀ ਦਿੱਤੀ ਹੈ। ਗਾਇਕ ਕੰਵਲ ਗਰੇਵਾਲ ਵਲੋਂ ‘ਅੱਖਾਂ ਖੋਲ੍ਹ ਪੰਜਾਬੀ ਸਿਆਂ’, ਜੱਸ ਬਾਜਵਾ ਵਲੋਂ ‘ਜੱਟਾ ਤਕੜਾ ਹੋਜਾ’, ਹਿੰਮਤ ਸੰਧੂ ਵਲੋਂ ‘ਅਸੀਂ ਵੱਢਾਂਗੇ’, ਕੁਲਵੀਰ ਝਿੰਜਰ ‘ਜੱਟਾਂ ਦੀ ਜਾਗੋ’, ਰੇਸ਼ਮ ਸਿੰਘ ਅਨਮੋਲ ‘ਧਰਨਾ’, ਕੌਰਾਲਾ ਮਾਨ ‘ਕਹੀ ਆਲੇ ਮੋਢੇ ’ਤੇ ਬੰਦੂਕ ਨਾ ਆਜੇ’, ਸੁਲਤਾਨ ‘ਕਿਸਾਨ’, ਹਰਫ਼ ਚੀਮਾ ‘ਸਰਕਾਰੇ’, ਹਰਿੰਦਰ ਸੰਧੂੂ ‘ਜਾਗ ਕਿਸਾਨਾਂ’ ਅਤੇ ਗਗਨ ਅਨਮੋਲ ਮਾਨ ਵਲੋਂ ‘ਕਿਸਾਨ ਤੇ ਰਾਜਨੀਤੀ’ ਗੀਤ ਲਿਆ ਕੇ ਕਿਸਾਨਾਂ ਦੇ ਅੰਦੋਲਨ ਨੂੰ ਹਲੂਣਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਾਹਲੋਂ ਅਵਤਾਰ ਵਲੋਂ ‘ਧਰਨਾ’, ਲਵਜੋਤ ਵਿਰਕ ‘ਕਿਸਾਨ’, ਸਿੰਮੂ ਢਿੱਲੋਂ ‘ਬਾਗੀ’, ਖਾਬ ਖੋਸਾ ‘ਕਿਸਾਨ’ ਗੀਤ ਗਾਏ ਗਏ ਹਨ। ਇਸ ਦੇ ਨਾਲ ਹੀ ਪੰਜਾਬੀ ਗਾਇਕ ਰਣਜੀਤ ਬਾਵਾ ਵਲੋਂ ਸੋਸ਼ਲ ਮੀਡੀਏ ’ਤੇ ਕਿਸਾਨਾਂ ਦੇ ਉਲਟ ਭੁਗਤਣ ਵਾਲੇ ਬਾਲੀਵੁੱਡ ਅਦਾਕਾਰਾਂ ਅਤੇ ਲੀਡਰਾਂ ਨੂੰ ਖ਼ੂਬ ਲਾਹਨਤਾਂ ਪਾ ਕੇ ਕਿਸਾਨਾਂ ਦੀ ਆਵਾਜ਼ ਉਠਾਈ ਗਈ ਹੈ।
ਮੋਦੀ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਰੋਸ ਮਾਰਚ
ਜਲਾਲਾਬਾਦ (ਨਿੱਜੀ ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਜਲਾਲਾਬਾਦ ਵਲੋਂ ਸ਼ਹਿਰ ’ਚ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀਬਾੜੀ ਤਿੰਨ ਬਿੱਲਾਂ ਖਿਲਾਫ ਟਰੈਕਟਰ ਮਾਰਚ ਕੱਢ ਕੇ ਰੋਸ ਮਾਰਚ ਕੀਤਾ ਜਾ ਰਿਹਾ ਹੈ। ਰੋਸ ਮਾਰਚ ਦੀ ਅਗਵਾਈ ਪਾਰਟੀ ਆਗੂ ਮਹਿੰਦਰ ਕਚੂਰਾ ਨੇ ਕੀਤੀ। ਰੋਸ ਮਾਰਚ ਦੌਰਾਨ ਵੱਡੀ ਗਿਣਤੀ ’ਚ ਟਰੈਕਟਰ, ਮੋਟਰਸਾਈਕਲ ਤੇ ਹੋਰ ਵਾਹਨਾਂ ’ਤੇ ਸਵਾਰ ਪਾਰਟੀ ਵਰਕਰ, ਕਿਸਾਨ ਅਤੇ ਆਮ ਲੋਕਾਂ ਨੇ ਕੇਂਦਰ ਸਰਕਾਰ ਨੂੰ ਇਹ ਬਿੱਲ ਵਾਪਸ ਲੈਣ ਦੀ ਅਪੀਲ ਕੀਤੀ। ਇਹ ਰੋਸ ਮਾਰਚ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੌਂਕ ਤੋਂ ਆਰੰਭ ਹੋ ਕੇ ਮੇਨ ਬਾਜ਼ਾਰਾਂ ’ਚ ਲੰਘਿਆ। ਇਸ ਦੌਰਾਨ ਪਾਰਟੀ ਵਰਕਰਾਂ ਨੇ ਆਮ ਲੋਕਾਂ ਨੂੰ ਵੀ ਇਸ ਰੋਸ ਮਾਰਚ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਮਹਿੰਦਰ ਕਚੂਰਾ ਨੇ ਕਿਹਾ ਕਿ ਸਰਕਾਰ ਇਸ ਬਿੱਲ ਜ਼ਰੀਏ ਵੱਡੇ ਵਪਾਰੀਆਂ ਨੂੰ ਮੰਡੀਆਂ ’ਚ ਕਿਸਾਨਾਂ ਦੀ ਲੁੱਟ ਕਰਨ ਲਈ ਲਇਸੰਸ ਦੇਣ ਜਾ ਰਹੀ ਹੈ।
ਮਜ਼ਦੂਰ ਔਰਤਾਂ ਨੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ਼
ਚਾਉਕੇ (ਰਮਨਦੀਪ ਸਿੰਘ): ਪੰਜਾਬ ਮੁਕਤੀ ਮੋਰਚਾ ਦੀ ਅਗਵਾਈ ਵਿਚ ਪਿੰਡ ਕਰਾੜਵਾਲਾ ਅਤੇ ਚੋਟੀਆਂ ਵਿੱਚ ਪ੍ਰਾਈਵੇਟ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਕਰਜ਼ੇ ਵਿੱਚ ਫਸੀਆਂ ਔਰਤਾਂ ਨੇ ਸਰਕਾਰ ਅਤੇ ਕੰਪਨੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਪੰਜਾਬ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ ਅਤੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਕਰਜ਼ੇ ਮਾਫ਼ ਕਰਵਾਉਣ, ਇਨ੍ਹਾਂ ਵੱਲੋਂ ਉੱਚੀਆਂ ਵਿਆਜ ਦਰਾਂ ‘ਤੇ ਕੀਤੀ ਜਾ ਰਹੀ ਅੰਨ੍ਹੀ ਲੁੱਟ ਨੂੰ ਖਤਮ ਕਰਵਾਉਣ, ਘਰੇਲੂ ਬਿਜਲੀ ਬਿੱਲਾਂ ਦੀ ਮੁਆਫ਼ੀ ਕਰਵਾਉਣ ਲਈ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।