ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 16 ਨਵੰਬਰ
ਡੀਏਪੀ ਖਾਦ ਨਾ ਵੰਡਣ ’ਤੇ ਭੜਕੇ ਕਿਸਾਨਾਂ ਵੱਲੋਂ ‘ਇਫਕੋ’ ਦਫ਼ਤਰ ਦੇ ਨੇੜੇ ‘ਸ਼ੇਰ ਸਿੰਘ ਚੌਕ’ ’ਚ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ। ਇਸ ਦੌਰਾਨ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਇਫਕੋ ਵਿਭਾਗ ਖਿਲਾਫ ਨਾਅਰੇਬਾਜ਼ੀ ਕੀਤੀ। ਧਰਨੇ ’ਤੇ ਬੈਠੇ ਕਿਸਾਨਾਂ ਨੇ ਦੱਸਿਆ ਕਿ ਉਹ ਸਵੇਰੇ ਚਾਰ ਵਜੇ ਤੋਂ ਭੁੱਖੇ ਭਾਣੇ ਆਏ ਹੋਏ ਹਨ ਤੇ ਵਿਭਾਗ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਖਾਦ ਲੈਣ ਲਈ ਪਰਚੀਆਂ ਵੀ ਕੱਟੀਆਂ ਹੋਈਆਂ ਹਨ ਤੇ ਅੱਜ ਇਫਕੋ ਦਫ਼ਤਰ ਵਿੱਚ ਪੰਜ ਟਰੈਕਟਰ ਟਰਾਲੀਆਂ ਖਾਦ ਦੀਆਂ ਆਈਆਂ ਹਨ ਪਰ ਇਸ ਦੇ ਬਾਵਜੂਦ ਖਾਦ ਨਹੀਂ ਦਿੱਤੀ ਜਾ ਰਹੀ। ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਸਵੇਰੇ 9 ਵਜੇ ਦਫ਼ਤਰ ਖੁੱਲ੍ਹ ਜਾਂਦਾ ਸੀ ਪਰ ਅੱਜ ਖਾਦ ਆਈ ਹੈ ਤਾਂ ਦੁਪਹਿਰ ਤੱਕ ਦਫ਼ਤਰ ਨਹੀਂ ਖੋਲ੍ਹਿਆ ਗਿਆ ਜ਼ਿਕਰਯੋਗ ਹੈ ਕਿ ਕਰੀਬ ਇਕ ਵਜੇ ਤੱਕ ਇਫਕੋ ਦਫ਼ਤਰ ਬੰਦ ਸੀ ਤੇ ਕਿਸਾਨਾਂ ਦਾ ਗੁੱਸਾ ਇਫਕੋ ਮੁਲਾਜ਼ਮਾਂ ’ਤੇ ਫੁੱਟ ਰਿਹਾ ਸੀ। ਕਿਸਾਨ ਭੁਪਿੰਦਰ ਸਿੰਘ, ਕੁਲਵਿੰਦਰ ਸਿੰਘ ਸੰਗਰਾਣਾ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਖਾਦ ਲੈਣ ਲਈ ਹਾੜੇ ਕੱਢ ਰਹੇ ਹਨ ਪਰ ਉਨ੍ਹਾਂ ਨੂੰ ਖਾਦ ਨਹੀਂ ਮਿਲ ਰਹੀ। । ਉਨ੍ਹਾਂ ਕਿਹਾ ਕਿ ਰਾਤ ਬਰਾਤੇ ਖਾਦ ਬਲੈਕ ’ਚ ਵੇਚੀ ਜਾ ਰਹੀ ਹੈ ਤੇ ਕਿਸਾਨ ਕਤਾਰਾਂ ’ਚ ਲੱਗੇ ਖਾਦ ਦੀ ਉਡੀਕ ਕਰਦੇ ਰਹਿ ਜਾਂਦੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਜੇ ਖਾਦ ਨਾ ਮਿਲੀ ਤਾਂ ਤਿੱਖਾ ਸੰਘਰਸ਼ ਵਿੱਢਾਂਗੇ। ਇਫਕੋ ਦੇ ਚੀਫ ਮੈਨੇਜਰ ਹਰਮੇਲ ਸਿੰਘ ਨੇ ਕਿਹਾ ਕਿ ਦਫ਼ਤਰ ’ਚ ਇਕ ਮੁਲਾਜ਼ਮ ਹੈ ਜੋ ਬੈਂਕ ’ਚ ਰਕਮ ਜਮ੍ਹਾਂ ਕਰਵਾਉਣ ਲਈ ਗਿਆ ਸੀ ਜਿਸ ਕਰਕੇ ਸਮੱਸਿਆ ਆਈ ਹੈ ਪਰ ਹੁਣ ਖਾਦ ਵੰਡਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਖਾਦ ਵੰਡਣ ਲਈ ਸਹਿਯੋਗੀ ਕਰਮਚਾਰੀ ਲਾਏ ਹਨ ਤੇ ਕਿਸਾਨਾਂ ਨੂੰ ਜਲਦ ਖਾਦ ਵੰਡ ਦਿੱਤੀ ਜਾਵੇਗੀ।
ਜ਼ਿਲ੍ਹੇ ਵਿੱਚ ਡੀਏਪੀ ਦੀ ਕਿੱਲਤ ਖਤਮ ਹੋਣ ਦਾ ਦਾਅਵਾ
ਫਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਚੰਬਲ ਅਤੇ ਆਈਪੀਐੱਲ ਕੰਪਨੀਆਂ ਦੇ ਖਾਦ ਦੇ ਦੋ ਰੈਕ ਲੱਗ ਚੁੱਕੇ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਪ੍ਰਾਈਵੇਟ ਡੀਲਰਾਂ ਵੱਲੋਂ ਖੇਤੀਬਾੜੀ ਵਿਭਾਗ ਅਤੇ ਪੁਲੀਸ ਦੀ ਹਾਜ਼ਰੀ ਵਿੱਚ 2 ਤੋਂ 5 ਥੈਲੇ ਪ੍ਰਤੀ ਕਿਸਾਨ ਸਰਕਾਰੀ ਭਾਅ ਦੇ ਹਿਸਾਬ ਨਾਲ ਵੰਡੇ ਗਏ ਹਨ। ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਹੁਣ ਜ਼ਿਲ੍ਹੇ ਵਿੱਚ ਡੀਏਪੀ ਖਾਦ ਦੀ ਕੋਈ ਘਾਟ ਨਹੀਂ ਰਹੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਲਈ ਡੀਏਪੀ ਦਾ ਇੱਕ ਹੋਰ ਰੈਕ ਜਲਦ ਹੀ ਮੁਹੱਈਆ ਹੋ ਜਾਵੇਗਾ।
ਖੇਤੀਬਾੜੀ ਵਿਭਾਗ ਵੱਲੋਂ ਫੈਕਟਰੀ ’ਤੇ ਛਾਪਾ
ਸ੍ਰੀ ਮੁਕਤਸਰ ਸਾਹਿਬ(ਨਿੱਜੀ ਪੱਤਰ ਪ੍ਰੇਰਕ): ਖੇਤੀਬਾੜੀ ਵਿਭਾਗ ਵੱਲੋਂ ਅੱਜ ਮੰਡੀ ਬਰੀਵਾਲਾ ’ਚ ਇਕ ਫੈਕਟਰੀ ’ਚ ਛਾਪਾ ਮਾਰਿਆ ਗਿਆ। ਬਲਾਕ ਖੇਤੀਬਾੜੀ ਅਫ਼ਸਰ ਕੁਲਦੀਪ ਸਿੰਘ ਜੌੜਾ ਨੇ ਦੱਸਿਆ ਕਿ ਵਿਭਾਗ ਕੋਲ ਭਾਰਤੀ ਕਿਸਾਨ ਯੂਨੀਅਨ ਨੇ ਇਸ ਸਬੰਧੀ ਸ਼ਿਕਾਇਤ ਕੀਤੀ ਸੀ। ਖੇਤੀਬਾੜੀ ਵਿਭਾਗ ਵੱਲੋਂ ਬਰੀਵਾਲਾ ਪੁਲੀਸ ਪਾਰਟੀ ਨੂੰ ਨਾਲ ਲੈ ਕੇ ਮੌਕੇ ’ਤੇ ਜਾ ਕੇ ਚੈੱਕ ਕੀਤਾ ਤਾਂ ਉੱਥੋਂ ਡੇਢ ਬੈਗ ਡੀਏਪੀ ਖਾਦ ਮਿਲੀ ਜਿਸ ਨੂੰ ਚੈੱਕ ਕੀਤਾ ਤਾਂ ਉਹ ਨਕਲੀ ਹੋਣ ਦਾ ਸ਼ੱਕ ਹੋਇਆ। ਉਨ੍ਹਾਂ ਦੱਸਿਆ ਕਿ ਇਕ ਕਿਸਾਨ ਨੇ ਦੱਸਿਆ ਕਿ ਉਸ ਨੇ 47 ਗੱਟੇ ਡੀਏਪੀ 1250 ਰੁਪਏ ਪ੍ਰਤੀ ਗੱਟੇ ਦੇ ਹਿਸਾਬ ਨਾਲ ਖਰੀਦੇ ਸਨ, ਜਦਕਿ ਇਸ ਦਾ ਨਿਰਧਾਰਤ ਰੇਟ 1200 ਰੁਪਏ ਪ੍ਰਤੀ ਗੱਟਾ ਹੈ। ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਸ ਕਿਸਾਨ ਦੇ 16 ਗੱਟੇ ਇੱਥੇ ਮੰਗਵਾ ਲਏ ਸਨ। ਸਾਰੇ ਦੇ ਸੈਂਪਲ ਲੈ ਲਏ ਹਨ। ਓਧਰ ਥਾਣਾ ਬਰੀਵਾਲਾ ਦੇ ਇੰਚਾਰਜ ਰਵਿੰਦਰ ਕੌਰ ਨੇ ਦੱਸਿਆ ਕਿ ਸੈਂਪਲ ਆਉਣ ਤੋਂ ਬਾਅਦ ਜੋ ਬਿਆਨ ਦਰਜ ਕਰਵਾਏ ਜਾਣਗੇ ਉਨ੍ਹਾਂ ਦੇ ਅਧਾਰ ’ਤੇ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਕਿਸਾਨਾਂ ਵੱਲੋਂ ਸੜਕ ਠੱਪ
ਗਿੱਦੜਬਾਹਾ (ਪੱਤਰ ਪ੍ਰੇਰਕ): ਡੀਏਪੀ ਦੀ ਮੰਗ ਲੈ ਕੇ ਅੱਜ ਪਿੰਡਾਂ ਦੇ ਕਿਸਾਨਾਂ ਨੇ ਸਥਾਨਕ ਬਠਿੰਡਾ ਰੋਡ ’ਤੇ ਸਥਿਤ ਨਿਹਾਲ ਦੇ ਢਾਬੇ ਅੱਗੇ ਸੜਕੀ ਆਵਾਜਾਈ ਠੱਪ ਕੀਤੀ ਅਤੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨਾਂ ਜਗਮੀਤ ਸਿੰਘ, ਸੁਰਜੀਤ ਸਿੰਘ, ਕੁਲਵਿੰਦਰ ਸਿੰਘ ਅਤੇ ਮੇਜਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਡੀਏਪੀ ਲਈ ਬੁਲਾ ਲਿਆ ਜਾਂਦਾ ਹੈ ਅੱਗੋ ਕਹਿ ਦਿੱਤਾ ਜਾਂਦਾ ਹੈ ਕਿ ਡੀਏਪੀ ਨਹੀਂ ਹੈ ਸਵੇਰੇ ਆਓ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਵਾਰ ਵਾਰ ਸਟਾਕ ਸਟੇਟਮੈਂਟ ਦੀ ਮੰਗ ਕੀਤੀ ਜਾ ਰਹੀ ਹੈ ਪਰ ਵਿਭਾਗ ਸਟਾਕ ਸਟੈਟਮੈਂਟ ਨਹੀਂ ਦੇ ਰਿਹਾ। ਖੇਤੀਬਾੜੀ ਵਿਭਾਗ ਦੇ ਏਡੀਓ ਡਾ. ਜੋਬਨਦੀਪ ਸਿੰਘ ਬੁੱਟਰ ਨੇ ਕਿਹਾ ਕਿ 4-5 ਗਜ਼ਟਿਡ ਅਧਿਕਾਰੀਆਂ ਦੀ ਹਾਜ਼ਰੀ ਵਿਚ ਸਟਾਕ ਸਟੇਟਮੈਂਟ ਕਿਸਾਨਾਂ ਨੂੰ ਦਿੱਤੀ ਗਈ ਪਰ ਕਿਸਾਨ ਇਸ ਨੂੰ ਮੰਨਣ ਲਈ ਤਿਆਰ ਨਹੀਂ ਸਨ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਜੋਧਪੁਰ ਤੋਂ ਡੀਏਪੀ ਦਾ ਰੈਕ ਮਲੋਟ ਪੁੱਜਣਾ ਸੀ ਪਰ ਤਕਨੀਕੀ ਕਾਰਨਾਂ ਕਰਕੇ ਉਹ ਇਕ ਦਿਨ ਦੀ ਦੇਰੀ ਨਾਲ ਅੱਜ ਦੁਪਹਿਰ ਮਲੋਟ ਪੁੱਜਿਆ ਹੈ ਅਤੇ ਰਾਤ ਨੂੰ ਡੀਏਪੀ ਗਿੱਦੜਬਾਹਾ ਵਿੱਚ ਆ ਜਾਵੇਗੀ। ਕੱਲ੍ਹ ਸਵੇਰੇ ਕਿਸਾਨਾਂ ਨੂੰ ਵੰਡ ਦਿੱਤਾ ਜਾਵੇਗਾ।