ਪਰਸ਼ੋਤਮ ਬੱਲੀ
ਬਰਨਾਲਾ, 15 ਅਪਰੈਲ
ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁੁਕਤ ਕਿਸਾਨ ਮੋਰਚੇ ਵੱਲੋਂ ਬਰਨਾਲਾ ਰੇਲਵੇ ਸਟੇਸ਼ਨ ’ਤੇ ਲੱਗੇ ਧਰਨੇ ਦੇ ਅੱਜ 195 ਦਿਨ ਪੂਰੇ ਹੋ ਗਏ | ਕਣਕ ਦੀ ਵਾਢੀ ਜ਼ੋਰਾਂ ’ਤੇ ਹੈ, ਕਿਸਾਨ ਪੂਰੇ ਰੁੁਝੇ ਹੋਣ ਦੇ ਬਾਵਜੂਦ ਕਿਸਾਨ ਧਰਨਿਆਂ ਦਾ ਜੋਸ਼ ਭੋਰਾ ਭਰ ਵੀ ਮੱਠਾ ਨਹੀਂ ਪਿਆ, ਰੋਹ ਬਰਕਰਾਰ ਹੈ| ਅੱਜ ਧਰਨੇ ਨੂੰ ਸਰਪੰਚ ਗੁੁਰਚਰਨ ਸਿੰਘ ਸੁੁਰਜੀਤਪੁੁਰਾ, ਬਾਬੂ ਸਿੰਘ ਖੁੱਡੀ ਕਲਾਂ, ਬਲਵੰਤ ਸਿੰਘ ਉਪਲੀ, ਉਜਾਗਰ ਸਿੰਘ ਬੀਹਲਾ, ਮੋਹਨ ਸਿੰਘ ਰੂੜੇਕੇ, ਹਰਚਰਨ ਸਿੰਘ ਚੰਨਾ, ਜੁੁਗਰਾਜ ਧੌਲਾ, ਗੁੁਰਨਾਮ ਸਿੰਘ ਠੀਕਰੀਵਾਲਾ, ਨਛੱਤਰ ਸਿੰਘ ਸਾਹੌਰ, ਮਨਜੀਤ ਰਾਜ, ਗੁੁਰਵਿੰਦਰ ਸਿੰਘ ਕਾਲੇਕੇ ਤੇ ਅਮਰਜੀਤ ਕੌਰ ਨੇ ਸੰਬੋਧਨ ਕੀਤਾ| ਬੁੁਲਾਰਿਆਂ ਨੇ ਕਿਹਾ ਕਿ ਸਰਕਾਰ ਨੂੰ ਸ਼ਾਇਦ ਵੱਡਾ ਭੁੁਲੇਖਾ ਸੀ ਕਿ ਫਸਲ ਕਟਾਈ ਦਾ ਸ਼ੀਜਨ ਆਉਣ ’ਤੇ ਕਿਸਾਨ ਅੰਦੋਲਨ ਮੱਠਾ ਪੈ ਜਾਵੇਗਾ ਪਰ ਰੁੁਝੇਵਿਆਂ ਦੇ ਬਾਵਜੂਦ ਆਪਣੇ ਅੰਦੋਲਨ ਦੀ ਚਾਲ ਨੂੰ ਲੋਕ ਮੱਠੀ ਨਹੀਂ ਹੋਣ ਦੇ ਰਹੇ| ਅੱਜ ਜੁੁਗਰਾਜ ਸਿੰਘ ਠੁੱਲੀਵਾਲ ਦੇ ਕਵੀਸ਼ਰੀ ਜਥੇ ਨੇ ਬੀਰਰਸੀ ਵਾਰਾਂ ਨਾਲ ਪੰਡਾਲ ਵਿੱਚ ਜੋਸ਼ ਭਰਿਆ|
ਕਿਸਾਨ ਮੋਰਚਿਆਂ ਵਿੱਚ ਔਰਤਾਂ ਦੀ ਗਿਣਤੀ ਵਧੀ
ਰਾਮਪੁਰਾ ਫੂਲ (ਨਿੱਜੀ ਪੱਤਰ ਪ੍ਰੇਰਕ):ਇਸ ਜਾਰੀ ਕਿਸਾਨ ਮੋਰਚੇ ਵਿੱਚ ਹਾੜ੍ਹੀ ਦਾ ਸੀਜ਼ਨ ਹੋਣ ਕਾਰਨ ਮਰਦਾਂ ਨਾਲੋਂ ਔਰਤਾਂ ਦੀ ਗਿਣਤੀ ਵਧਣ ਲਗ ਪਈ ਹੈ। ਇਸ ਮੌਕੇ ਬੀਕੇਯੂ ਏਕਤਾ ਡਕੌਂਦਾ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਸੇਲਬਰਾਹ ਨੇ ਕਿਹਾ ਕਿ ਕਿਸਾਨਾਂ ਅਤੇ ਉਨ੍ਹਾਂ ਦੀ ਲੀਡਰਸ਼ਿਪ ਨੂੰ ਭਲੀ-ਭਾਂਤ ਪਤਾ ਹੈ ਕਿ ਇਸ ਤਰ੍ਹਾਂ ਦੇ ਇਤਿਹਾਸਕ ਮੋਰਚੇ ਕੁਝ ਇੱਕ ਦਿਨਾਂ ਵਿਚ ਖਤਮ ਹੋਣ ਵਾਲੇ ਨਹੀਂ ਹੁੰਦੇ। ਮੋਰਚੇ ਨੂੰ ਗੁਰਦੀਪ ਸਿੰਘ ਤੋਂ ਇਲਾਵਾ ਡਕੌਂਦਾ ਗਰੁੱਪ ਦੇ ਕਰਮਜੀਤ ਕੌਰ ਢਪਾਲੀ, ਤਰਸੇਮ ਕੌਰ ਢਪਾਲੀ, ਮੱਖਣ ਸਿੰਘ ਸੇਲਬਰਾਹ, ਕਰਮਵੀਰ ਕੌਰ, ਅਕਾਲ ਦੀਪ ਸਿੰਘ ਅਤੇ ਮਾਸਟਰ ਬਲਵੰਤ ਸਿੰਘ ਫੂਲ ਨੇ ਵੀ ਸੰਬੋਧਨ ਕੀਤਾ।
ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਮਹਿਲ ਕਲਾਂ (ਨਵਕਿਰਨ ਸਿੰਘ): ਖੇਤੀ ਕਾਨੂੰਨਾਂ ਖ਼ਿਲਾਫ਼ ਮਹਿਲ ਕਲਾਂ ਟੌਲ ਪਲਾਜ਼ਾ ਅੱਗੇ ਚੱਲ ਰਹੇ ਪੱਕੇ ਧਰਨੇ ’ਤੇ ਅੱਜ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕਰਦਿਆਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਮਲਕੀਤ ਸਿੰਘ ਈਨਾ,ਜਗਰਾਜ ਸਿੰਘ ਹਰਦਾਸਪੁਰਾ,ਭਿੰਦਰ ਸਿੰਘ ਮੂੰਮ, ਗੁਰਮੇਲ ਸਿੰਘ ਠੁੱਲੀਵਾਲ, ਮਜ਼ਦੂਰ ਆਗੂ ਭੋਲਾ ਸਿੰਘ ਕਲਾਲ ਮਾਜਰਾ ਆਦਿ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਕਾਲੇ ਖੇਤੀ ਕਾਨੂੰਨ ਹਰ ਹਾਲਤ ਵਿੱਚ ਵਾਪਸ ਕਰਵਾਏ ਜਾਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆ ਮੰਗਾਂ ਮੰਨਣ ਦੀ ਬਜਾਏ ਉਲਟਾ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕਰਨ ਦੀਆਂ ਕੋਝੀਆਂ ਹਰਕਤਾਂ ਕਰ ਰਹੀ ਹੈ।