ਜੋਗਿੰਦਰ ਸਿੰਘ ਮਾਨ
ਮਾਨਸਾ, 8 ਨਵੰਬਰ
ਮਾਲਵਾ ਪੱਟੀ ਵਿਚਲੀਆਂ ਅਨਾਜ ਮੰਡੀਆਂ ਵਿੱਚ ਪਏ ਝੋਨੇ ਦੇ ਬੋਹਲ ਹੁਣ ਨਹੀਂ ਵਿਕ ਰਹੇ। ਐਤਕੀਂ ਕਿਸਾਨਾਂ ਨੂੰ ਭਾਵੇਂ ਝੋਨੇ ਤੋਂ ਵਾਰੇ-ਨਿਆਰੇ ਦੀ ਆਸ ਸੀ, ਪਰ ਹੁਣ ਝੋਨੇ ਦੇ ਨਿੱਕਲੇ ਕੇਰ ਤੋਂ ਇਹ ਆਸ ਘੱਟ ਹੀ ਹੈ ਕਿ ਕਰਜ਼ੇ ਦੀ ਮਾਰ ਹੇਠ ਦੱਬਿਆ ਮਲਵਈ ਕਿਸਾਨ ਆੜ੍ਹਤੀਆਂ ਦਾ ਮੂਲ ਤੇ ਸੂਦ ਮੋੜ ਕੇ ਆਪਣੀ ਜੇਬ ਵਿੱਚ ਕੋਈ ਧੇਲਾ ਪਾ ਲਵੇਗਾ। ਮੰਡੀ ਵਿਚ ਰੁਲ ਰਹੇ ਕਿਸਾਨਾਂ ਨਾਲ ਗੱਲਬਾਤ ਤੋਂ ਪਿਛੋਂ ਇਹ ਵੀ ਪਤਾ ਲੱਗਾ ਕਿ ਜਿਣਸ ਵੇਚਣ ਵਾਸਤੇ ਬੈਠੇ ਕਿਸਾਨਾਂ ਦਾ ਦਰਦ ਕੇਵਲ ਸੰਵੇਦਨਸ਼ੀਲ ਲੋਕਾਂ ਲਈ ਹੀ ਕੋਈ ਅਰਥ ਰੱਖਦਾ ਹੈ ਅਤੇ ਸਰਕਾਰਾਂ ਤੇ ਅਫਸਰਾਂ ਵਾਸਤੇ ਇਸ ਦਾ ਕੋਈ ਖਾਸ ਮਹੱਤਤਾ ਨਹੀਂ ਹੈ।
ਬੀ.ਏ ਕਰਕੇ ਨੌਕਰੀ ਨਾ ਮਿਲਣ ਤੋਂ ਪਿਛੋਂ ਪਿਤਾ ਪੁਰਖੀ ਖੇਤੀ ਦੇ ਧੰਦੇ ਜੁਟੇ ਗੁਰਮੀਤ ਸਿੰਘ, ਨਿਰਭੈ ਸਿੰਘ, ਸੁਦਾਗਰ ਸਿੰਘ ਅਤੇ ਮਨਕੀਰਤ ਸਿੰਘ ਨੇ ਦੱਸਿਆ ਕਿ ਨਕਲੀ ਜ਼ਹਿਰਾਂ, ਘਟੀਆ ਬੀਜ ਅਤੇ ਮਾੜੀਆਂ ਖਾਦਾਂ ਵੇਚਣ ਵਾਲੀਆਂ ਕੰਪਨੀਆਂ ਨੇ ਆੜ੍ਹਤੀਆਂ ਨਾਲ ਗੱਠਜੋੜ ਕਰਕੇ ਵੀ ਕਿਸਾਨਾਂ ਨੂੰ ਖੂਬ ਚੂਨਾ ਲਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆੜ੍ਹਤੀਆ ਸਿਸਟਮ ਨੂੰ ਰੈਗੂਲੇਟ ਕਰ ਕੇ, ਜ਼ਮੀਨੀ ਸੁਧਾਰਾਂ ਰਾਹੀਂ ਜ਼ਮੀਨ ਵੰਡ ਰੋਕਕੇ ਅਤੇ ਨਕਲੀ ਵਸਤਾਂ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕਰਕੇ ਹੀ ਖੇਤੀ ਤੇ ਕਿਸਾਨੀ ਨੂੰ ਬਚਾ ਸਕਦੀ ਹੈ।