ਪੱਤਰ ਪ੍ਰੇਰਕ
ਮਾਨਸਾ, 24 ਫਰਵਰੀ
ਕਿਸਾਨਾਂ ਨੇ ਅੱਜ ਇਥੋਂ ਦੀ ਇੰਡਸਇੰਡ ਬੈਂਕ ਦੀ ਸ਼ਾਖਾ ਦਾ ਘਿਰਾਓ ਕੀਤਾ। ਜਾਣਕਾਰੀ ਅਨੁਸਾਰ ਇੱਕ ਕਿਸਾਨ ਨੇ ਖੇਤੀਬਾੜੀ ਲਿਮਟ ਵਿਆਜ ਸਮੇਤ ਭਰ ਦਿੱਤੀ ਸੀ ਪਰ ਇਸ ਦੇ ਬਾਵਜੂਦ ਬੈਂਕ ਵੱਲੋਂ ਉਸ ਤੋਂ ਹੋਰ ਰਾਸ਼ੀ ਦੀ ਮੰਗ ਕੀਤੀ ਜਾ ਰਹੀ ਸੀ। ਬੈਂਕ ਦੀ ਇਸ ਕਾਰਵਾਈ ਦੇ ਵਿਰੋਧ ਅਤੇ ਪੀੜਤ ਕਿਸਾਨ ਨੂੰ ਇਨਸਾਫ਼ ਦਿਵਾਉਣ ਲਈ ਕਿਸਾਨਾਂ ਨੇ ਬੈਂਕ ਸ਼ਾਖਾ ਦਾ ਘਿਰਾਓ ਕੀਤਾ।
ਕਿਸਾਨ ਦੇ ਹੱਕ ਵਿੱਚ ਉਤਰੀ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ) ਦੇ ਕਾਰਕੁਨਾਂ ਨੇ ਬੈਂਕ ਸ਼ਾਖਾ ਦੇ ਬਾਹਰ ਧਰਨਾ ਦਿੱਤਾ ਤੇ ਅਧਿਕਾਰੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਪਿੰਡ ਝੁਨੀਰ ਨੇ ਇੰਡਸਇੰਡ ਬੈਂਕ ਦੀ ਸਥਾਨਕ ਸ਼ਾਖਾ ਤੋਂ 26 ਲੱਖ ਰੁਪਏ ਦੀ ਜੁਆਇੰਟ ਲਿਮਿਟ ਲਈ ਤੇ 10 ਏਕੜ ਜ਼ਮੀਨ ਬੈਂਕ ਦੇ ਨਾਂ ਢਾਈ ਸਾਲ ਪਹਿਲਾਂ ਗਹਿਣੇ ਰਜਿਸਟਰਡ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਲਿਮਿਟ ਦਾ ਵਿਆਜ ਪੀੜਤ ਕਿਸਾਨ ਨੇ ਭਰ ਦਿੱਤਾ। ਕਿਸਾਨ ਨੇ ਬੈਂਕ ਪ੍ਰਬੰਧਕ ਨੂੰ ਲਿਮਿਟ ਬੰਦ ਕਰਨ ਦੀ ਬੇਨਤੀ ਕੀਤੀ ਤਾਂ ਬੈਂਕ ਪ੍ਰਬੰਧਕ ਨੇ ਮੂਲ ਰਾਸ਼ੀ ਅਤੇ ਵਿਆਜ ਤੋਂ ਇਲਾਵਾ ਲਿਮਿਟ ਬੰਦ ਕਰਵਾਉਣ ਲਈ ਇੱਕ ਲੱਖ ਰੁਪਏ ਹੋਰ ਜਮ੍ਹਾਂ ਕਰਵਾਉਣ ਲਈ ਕਿਹਾ। ਪੀੜਤ ਕਿਸਾਨ ਨੇ ਇਸ ਗੱਲ ’ਤੇ ਇਤਰਾਜ਼ ਉਠਾਇਆ ਤੇ ਬੈਂਕ ਵੱਲੋਂ ਉਸ ਦੀ ਗੱਲ ਨਾ ਸੁਣਨ ਤੋਂ ਬਾਅਦ ਉਸਨੇੇ ਕਿਸਾਨ ਜਥੇਬੰਦੀ ਕੋਲ ਪਹੁੰਚ ਕੀਤੀ। ਜਥੇਬੰਦੀ ਦੇ ਅਹੁਦੇਦਾਰਾਂ ਨੇ ਵੀ ਬੈਂਕ ਅਧਿਕਾਰੀਆਂ ਨਾਲ ਪੀੜਤ ਕਿਸਾਨ ਦੀ ਸ਼ਿਕਾਇਤ ਬਾਰੇ ਗੱਲ ਕੀਤੀ ਪਰ ਬੈਂਕ ਅਧਿਕਾਰੀ ਟੱਸ ਤੋਂ ਮੱਸ ਨਹੀਂ ਹੋਏ। ਇਸ ਤੋਂ ਬਾਅਦ ਜਥੇਬੰਦੀ ਨੇ ਬੈਂਕ ਦਾ ਘਿਰਾਓ ਕਰਕੇ ਧਰਨਾ ਲਾ ਦਿੱਤਾ। ਇਸ ਦਾ ਪਤਾ ਚੱਲਦੇ ਹੀ ਬੈਂਕ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਬੈਂਕ ਪ੍ਰਬੰਧਕਾਂ ਨੇ ਮਸਲੇ ਦੇ ਹੱਲ ਲਈ ਜਥੇਬੰਦੀ ਨਾਲ ਗੱਲਬਾਤ ਕੀਤੀ ਤੇ ਬਣਦੀ ਰਾਸ਼ੀ ਭਰਵਾਉਣ ਦਾ ਫੈਸਲਾ ਲਿਆ। ਇਸ ਮਗਰੋਂ ਜਥੇਬੰਦੀ ਨੇ ਜੇਤੂ ਰੈਲੀ ਕਰਕੇ ਬੈਂਕ ਦਾ ਘਿਰਾਓ ਸਮਾਪਤ ਕਰ ਦਿੱਤਾ।
ਹੋਰਨਾਂ ਤੋਂ ਇਲਾਵਾ ਮੱਖਣ ਸਿੰਘ ਉੱਡਤ, ਹਰਬੰਸ ਟਾਂਡੀਆ, ਮੱਖਣ ਸਿੰਘ ਭੈਣੀਬਾਘਾ, ਹਰਦੇਵ ਸਿੰਘ ਰਾਠੀ, ਰਾਜ ਅਲੀਸੇਰ, ਛਿੰਦਰ ਪਾਲ ਕੌਰ ਮਾਨਸਾ, ਬੱਗੀ ਬਹਿਣੀਵਾਲ, ਪੱਪੀ ਮਾਖਾ, ਸੁਖਵੀਰ ਖਾਰਾ, ਜਗਦੇਵ ਸਿੰਘ ਭੁਪਾਲ, ਗੁਰਪ੍ਰੀਤ ਸਿੰਘ ਜਵਾਹਰਕੇ, ਜ਼ਸਵਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।