ਰੋਹਿਤ ਗੋਇਲ
ਪੱਖੋ ਕੈਂਚੀਆਂ, 20 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪੱਖੋ ਕੈਂਚੀਆਂ ਟੌਲ ਪਲਾਜ਼ੇ ਨੂੰ ਚੁਕਵਾਉਣ ਲਈ 27ਵੇਂ ਦਿਨ ਅੱਜ ਟੌਲ ਪਲਾਜ਼ੇ ਤੋਂ ਪੱਖੋ ਕੈਂਚੀਆਂ ਚੌਂਕ ਤੱਕ ਰੋਸ ਮਾਰਚ ਕਰਨ ਤੋਂ ਬਾਅਦ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਤੇ ਨਾਅਰੇਬਾਜ਼ੀ ਕੀਤੀ ਗਈ। ਅੱਜ ਰੋਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਰਾਜ ਨਹੀਂ ਤਾਜ ਬਦਲਦਾ ਰਹਿੰਦਾ। ਇਹ ਤਾਜ ਕਿਤੇ ਬਾਦਲ ਦੇ ਸਿਰ, ਕਿਤੇ ਕੈਪਟਨ ਦੇ ਸਿਰ ਅਤੇ ਹੁਣ ਭਗਵੰਤ ਮਾਨ ਦੇ ਸਿਰ ’ਤੇ ਸਜਾਇਆ ਗਿਆ ਹੈ। ਰਾਜ ਉਹੀ ਹੈ, ਸਿਰਫ਼ ਤਾਜ ਬਦਲਿਆ ਹੈ। ਉਨ੍ਹਾਂ ਕਿਹਾ ਕਿ ਪਰ ਸਾਡਾ ਸੰਘਰਸ਼ ਸ਼ਹੀਦ ਭਗਤ ਸਿੰਘ ਦੇ ਰਾਹ ’ਤੇ ਚੱਲਦਿਆਂ ਲੁੱਟ ਖ਼ਿਲਾਫ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜੋ ਪਿਛਲੀਆਂ ਸਰਕਾਰਾਂ ਵਿੱਚ ਹੁੰਦਾ ਰਿਹਾ, ਉਹੀ ਹੁਣ ਆਮ ਆਦਮੀ ਦੀ ਸਰਕਾਰ ਵਿੱਚ ਹੋ ਰਿਹਾ ਹੈ ਅਤੇ ਬਦਲਿਆਂ ਕੁੱਝ ਵੀ ਨਹੀਂ। ਉਨ੍ਹਾਂ ਕਿਹਾ ਕਿ ਨਾਜਾਇਜ਼ ਤੌਰ ’ਤੇ ਚੱਲ ਰਹੇ ਟੌਲ ਪਲਾਜ਼ੇ ਨੂੰ ਬੰਦ ਕਰਵਾਉਣ ਦੀ ਥਾਂ ਸਰਕਾਰ ਹਲਾਸ਼ੇਰੀ ਦੇ ਰਹੀ ਹੈ, ਜਿਸਨੂੰ ਬਰਦਾਸਤ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਟੌਲ ਪਲਾਜ਼ਾ ਪੁੱਟਣ ਤੱਕ ਮੋਰਚਾ ਲਗਾਤਾਰ ਜਾਰੀ ਰਹੇਗਾ।