ਇਕਬਾਲ ਸਿੰਘ ਸ਼ਾਂਤ
ਲੰਬੀ, 13 ਮਾਰਚ
ਪਾਵਰਕੌਮ ਦੇ ਲੰਬੀ ਸਬ ਡਿਵੀਜ਼ਨ ਦੇ ਪਿੰਡਾਂ ’ਚ ਖੇਤੀ ਸੈਕਟਰ ਨੂੰ ਬਿਜਲੀ ਦੇਣ ਸਮੇਂ ਲਗਾਏ ਜਾ ਰਹੇ ਅਣਐਲਾਨੇ ਕੱਟਾਂ ਖਿਲਾਫ਼ ਕਿਸਾਨਾਂ ਨੇ ਅੱਜ ਦੇਰ ਸ਼ਾਮ ਡੱਬਵਾਲੀ-ਮਲੋਟ ਕੌਮੀ ਮਾਰਗ ’ਤੇ ਜਾਮ ਲਗਾ ਦਿੱਤਾ। ਸਥਾਨਕ ਅਫਸਰਾਂ ਵੱਲੋਂ ਸੁਣਵਾਈ ਨਾ ਕਰਨ ’ਤੇ ਭਾਕਿਯੂ ਸਿੱਧੂਪੁਰ ਦੇ ਬੈਨਰ ਹੇਠ ਕਿਸਾਨਾਂ ਨੇ ਸੰਘਰਸ਼ ਉਲੀਕ ਦਿੱਤਾ। ਉਨ੍ਹਾਂ ਸੜਕ ’ਤੇ ਜਾਮ ਲਗਾ ਕੇ ਪਾਵਰਕੌਮ ਖਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਮੁਤਾਬਕ ਕਣਕ ਦੀ ਫ਼ਸਲ ਪੱਕਣ ਦੇ ਅਖੀਰਲੇ ਪਾਣੀਆਂ ਸਮੇਂ ਪਾਵਰਕੌਮ ਵੱਲੋਂ ਦਿਨ ਵਿੱਚ ਘੰਟਾ-ਘੰਟਾ ਕੱਟ ਲਗਾ ਕੇ ਬਿਜਲੀ ਦਿੱਤੀ ਜਾ ਰਹੀ ਹੈ ਤੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਦਕਿ ਨਿਯਮਾਂ ਮੁਤਾਬਕ ਹਰ ਤੀਸਰੇ ਦਿਨ ਖੇਤੀ ਸੈਕਟਰ ਨੂੰ ਦਸ ਘੰਟੇ ਬਿਜਲੀ ਦਿੱਤੀ ਜਾਣੀ ਚਾਹੀਦੀ ਹੈ। ਧਰਨਾਕਾਰੀ ਕਿਸਾਨ ਕਾਮਰੇਡ ਸੁਖਪਾਲ ਸਿੰਘ ਦੇ ਇਲਾਵਾ ਭਾਕਿਯੂ (ਸਿੱਧੂਪੁਰ) ਦੇ ਆਗੂ ਹਰਭਗਵਾਨ ਸਿੰਘ ਲੰਬੀ, ਅਵਤਾਰ ਮਿਠੜੀ, ਮਨਿੰਦਰ ਸਿੰਘ ਅਤੇ ਪਰਮਜੀਤ ਲਾਲਬਾਈ ਨੇ ਕਿਹਾ ਕਿ ਪਿੰਡ ਪੰਜਾਵਾ, ਖੁੱਡੀਆਂ, ਭਾਗੂ, ਲੰਬੀ ਅਤੇ ਚੰਨੂ ਵਿਖੇ ਬੇਵਿਉਂਤੇ ਅਤੇ ਅਣ-ਐਲਾਨੇ ਕੱਟਾਂ ਨਾਲ ਕਿਸਾਨਾਂ ਦੀ ਖੇਤੀ ਬਰਬਾਦ ਹੋ ਰਹੀ ਹੈ। ਪਾਵਰਕੌਮ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਦੂਜੇ ਪਾਸੇ ਪਾਵਰਕੌਮ ਲੰਬੀ ਸਬਡਿਵੀਜ਼ਨ ਦੇ ਐਸਡੀਓ ਅਮਨਦੀਪ ਕੰਬੋਜ ਦਾ ਕਹਿਣਾ ਸੀ ਕਿ ਪੰਜਾਬ ਭਰ ’ਚ ਪਾਵਰਕੱਟ ਮੁੱਖ ਦਫ਼ਤਰ ਪਟਿਆਲਾ ਪੱਧਰ ’ਤੇ ਲਗਾਏ ਜਾਂਦੇ ਹਨ। ਇਨ੍ਹਾਂ ਕੱਟਾਂ ਦਾ ਸਬ ਡਿਵੀਜ਼ਨ ਨਾਲ ਕੋਈ ਲੈਣਾ-ਦੇਣਾ ਨਹੀਂ। ਕਿਸਾਨ ਮੁੱਖ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਬਾਅਦ ਵਿੱਚ ਪਾਵਰਕੌਮ ਜਾਂ ਪ੍ਰਸ਼ਾਸਨ ਵੱਲੋਂ ਗੱਲਬਾਤ ਲਈ ਕੋਈ ਅਧਿਕਾਰੀ ਨਾ ਪੁੱਜਣ ਕਰਕੇ ਕਿਸਾਨਾਂ ਨੇ ਚਿਤਾਵਨੀ ਦੇ ਕੇ ਸੜਕੀ ਜਾਮ ਸਮਾਪਤ ਕਰ ਦਿੱਤਾ।