ਪੱਤਰ ਪ੍ਰੇਰਕ
ਭੁੱਚੋ ਮੰਡੀ, 30 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾਈ ਸਕੱਤਰ ਅਤੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਕਿਸਾਨ ਅੰਦੋਲਨ ਵਿੱਚ ਕਿਰਤੀਆਂ ਦੇ ਏਕੇ ਨੇ ਮੋਦੀ ਸਰਕਾਰ ਦੇ ਤਖ਼ਤ ਨੂੰ ਹਿਲਾ ਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਕਿਰਤੀ ਲੋਕ ਰਹਿੰਦੀਆਂ ਮੰਗਾਂ ਵੀ ਪੂਰੀਆਂ ਕਰਵਾ ਕੇ ਹੀ ਘਰਾਂ ਨੂੰ ਮੁੜਣਗੇ। ਕਿਸਾਨ ਮੋਰਚਿਆਂ ਵਿੱਚ ਬੈਠੇ ਕਿਸਾਨ ਤੇ ਮਜ਼ਦੂਰ ਸੰਯੁਕਤ ਕਿਸਾਨ ਮੋਰਚੇ ਦੇ ਅਗਾਮੀ ਸੰਘਰਸ਼ੀ ਐਲਾਨ ਦੀ ਉਡੀਕ ਵਿੱਚ ਹਨ। ਪਿੰਡ ਭੁੱਚੋ ਖੁਰਦ ਵਿੱਚ ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਮੋਦੀ ਹਕੂਮਤ ਨੇ ਲੋਕ ਤਾਕਤ ਅੱਗੇ ਝੁਕਦਿਆਂ ਤਿੰਨੇ ਕਾਲੇ ਕਾਨੂੰਨ ਰੱਦ ਕਰ ਦਿੱਤੇ ਹਨ ਪਰ ਇਸ ਅੰਦੋਲਨ ਨਾਲ ਜੁੜੀਆਂ ਹੋਰ ਵੀ ਬਹੁਤ ਸਾਰੀਆਂ ਮੰਗਾਂ ਅਧੂਰੀਆਂ ਪਈਆਂ ਹਨ, ਜਿਨ੍ਹਾਂ ਦੀ ਪੂਰਤੀ ਲਈ ਸੰਯੁਕਤ ਮੋਰਚੇ ਦੇ ਸੱਦੇ ਨੂੰ ਤਨਦੇਹੀ ਨਾਲ ਲਾਗੂ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੇ ਮੁੜ ਵਸੇਬੇ ਲਈ ਨੌਕਰੀ ਅਤੇ ਮੁਆਵਜ਼ੇ ਦਾ ਐਲਾਨ ਕਰੇ ਅਤੇ ਸਮੁੱਚਾ ਕਰਜ਼ਾ ਖ਼ਤਮ ਹੋਵੇ।
ਇਸ ਮੌਕੇ ਪਿੰਡ ਕਮੇਟੀਆਂ ਦੇ ਆਗੂਆਂ ਨੂੰ ਸਾਉਣੀ ਦੇ ਫੰਡ ਇਕੱਠੇ ਕਰਕੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਨੂੰ ਧੜੇਬੰਦੀ ਤੋਂ ਬਚਾਉਣ ਲਈ ਅਤੇ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਅਪੀਲ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਆਗੁੂ ਜਗਦੇਵ ਸਿੰਘ ਜੋਗੇਵਾਲਾ, ਦਰਸ਼ਨ ਸਿੰਘ ਮਾਈਸਰਖਾਨਾ, ਜਗਸੀਰ ਸਿੰਘ ਝੁੰਬਾ ਸਮੇਤ ਬਲਾਕ ਅਤੇ ਪਿੰਡ ਕਮੇਟੀਆਂ ਦੇ ਆਗੂ ਹਾਜ਼ਰ ਸਨ।