ਪੱਤਰ ਪ੍ਰੇਰਕ
ਮਹਿਲ ਕਲਾਂ, 15 ਦਸੰਬਰ
ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਅੱਜ ਮਹਿਲ ਕਲਾਂ ਟੌਲ ਪਲਾਜ਼ਾ ਅੱਗੇ ਕਿਸਾਨਾਂ ਵੱਲੋਂ ਭਰਵਾਂ ਇਕੱਠ ਕਰਕੇ ਜੇਤੂ ਰੈਲੀ ਕੀਤੀ ਗਈ। ਇਸ ਮੌਕੇ ਨਾਅਰੇਬਾਜੀ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਐਮਐਸਪੀ ਸਮੇਤ ਬਾਕੀ ਕਿਸਾਨ ਮੰਗਾਂ ਦੀ ਪੂਰਤੀ ਲਈ ਸੰਘਰਸ਼ ਜਾਰੀ ਰਹੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਕੁੱਝ ਕੰਪਨੀਆਂ ਵੱਲੋਂ ਟੌਲ ਪਲਾਜ਼ਾ ’ਤੇ ਰੇਟ ਵਧਾਏ ਗਏ ਹਨ ਇਸ ਲਈ ਟੌਲ ਪਲਾਜ਼ਾ ਮਹਿਲ ਕਲਾਂ ਅੱਗੇ ਪੱਕਾ ਧਰਨਾ ਜਾਰੀ ਰਹੇਗਾ। ਇਸ ਮੌਕੇ ਕਿਸਾਨ ਆਗੂ ਦਰਸ਼ਨ ਸਿੰਘ ਉੱਗੋਕੇ, ਮਲਕੀਤ ਸਿੰਘ ਮਹਿਲ ਕਲਾਂ,ਮੰਗਤ ਸਿੰਘ ਸਿੱਧੂ, ਗੁਰਮੇਲ ਠੁੱਲੀਵਾਲ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦ ਤੱਕ ਟੌਲ ਪਲਾਜ਼ਾ ਦੇ ਪਹਿਲਾਂ ਵਾਲੇ ਰੇਟ ਬਹਾਲ ਨਹੀਂ ਕੀਤੇ ਜਾਂਦੇ ਤਦ ਤੱਕ ਕਿਸਾਨਾਂ ਦਾ ਪੱਕਾ ਧਰਨਾ ਜਾਰੀ ਰੱਖਿਆ ਜਾਵੇਗਾ।
ਜ਼ੀਰਾ (ਪੱਤਰ ਪ੍ਰੇਰਕ) ਟੌਲ ਪਲਾਜ਼ਾ ਕੰਪਨੀਆਂ ਵੱਲੋਂ ਰੇਟ ਦੁੱਗਣੇ ਕਰਨ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਟੌਲ ਪਲਾਜ਼ਿਆਂ ’ਤੇ ਧਰਨਾ ਮੁੜ ਸ਼ੁਰੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਬਲਦੇਵ ਜ਼ੀਰਾ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਟੌਲ ਪਲਾਜ਼ਾ ਕੋਟਕਰੋੜ ਵਿੱਚ ਧਰਨਾ ਜਾਰੀ ਰਿਹਾ ਸੀ। ਦਿੱਲੀ ਸੰਘਰਸ਼ ਫਤਿਹ ਕਰਨ ਤੋਂ ਬਾਅਦ ਆਗੂਆਂ ਨੇ ਵਿਚਾਰ ਕੀਤੀ ਸੀ ਕਿ 15 ਦਸੰਬਰ ਨੂੰ ਪੰਜਾਬ ਵਿੱਚ ਚੱਲ ਰਹੇ ਮੋਰਚੇ ਸਮਾਪਤ ਕੀਤੇ ਜਾਣਗੇ, ਪਰ ਟੌਲ ਪਲਾਜ਼ਾ ਕੰਪਨੀਆਂ ਵੱਲੋਂ ਰੇਟ ਦੁੱਗਣੇ ਕਰ ਦਿੱਤੇ ਗਏ ਹਨ, ਜਿਸ ਦੇ ਵਿਰੋਧ ਵਿੱਚ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਤੱਕ ਟੌਲ ਪਲਾਜ਼ੇ ਬੰਦ ਰਹਿਣਗੇ।
ਲੰਬੀ (ਪੱਤਰ ਪ੍ਰੇਰਕ): ਭਾਕਿਯੂ ਏਕਤਾ (ਉਗਰਾਹਾਂ) ਨੇ ਜਿਲਾ ਸ੍ਰੀ ਮੁਕਤਸਰ ਸਾਹਿਬ ਇਕਾਈ ਵੱੱਲੋਂ ਲੰਬੀ ਵਿਖੇ ਦਿੱਲੀ ਫਤਿਹ ਦਿਵਸ ਮਨਾਇਆ। ਇਸ ਮੌਕੇ ਜ਼ਿਲੇ ਭਰ ਵਿੱਚੋਂ ਵੱਡੀ ਗਿਣਤੀ ਕਿਸਾਨਾਂ ਮਜ਼ਦੂਰਾਂ ਕਿਸਾਨ, ਔਰਤਾਂ ਤੇ ਨੌਜਵਾਨਾਂ ਅਤੇ ਲੰਬੀ ਦੇ ਕਾਰੋਬਾਰੀਆਂ ਰੇਹੜੀ, ਫੜੀ ਤੇ ਦੁਕਾਨਦਾਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸ੍ਰੀ ਮੁਕਤਸਰ ਸਾਹਿਬ ਦੇ ਜਿਲਾ ਪ੍ਰਧਾਨ ਪੂਰਨ ਸਿੰਘ ਦੋਦਾ ਗੁਰਭਗਤ ਸਿੰਘ ਭਲਾਈਆਣਾ, ਭੁਪਿੰਦਰ ਸਿੰਘ ਚੰਨੂੰ, ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ, ਬਿੱਟੂ ਮੱਲਣ, ਮਨਜਿੰਦਰ ਸਿੰਘ ਪੱਪੀ ਸਰਾਂ, ਹਰਫੂਲ ਸਿੰਘ ਭਾਗਸਰ, ਹਰਬੰਸ ਸਿੰਘ ਕੋਟਲੀ, ਕਾਲਾ ਸਿੰਘ ਖੁਨਣ ਅਤੇ ਦਿਲਾਵਰ ਸਿੰਘ ਨੇ ਇਸ ਜਿੱਤ ਦੀ ਇਤਿਹਾਸਕ ਮਹੱਤਤਾ ’ਤੇ ਚਾਨਣਾ ਪਾਇਆ ਅਤੇ ਭਵਿੱਖ ’ਚ ਹੋਰ ਵੱਡੇ ਘੋਲਾਂ ਵਾਸਤੇ ਲਾਮਬੰਦ ਹੋਣ ਲਈ ਪ੍ਰੇਰਿਤ ਕੀਤਾ।
ਆਗੂਆਂ ਨੇ ਕਿਸਾਨੀ ਘੋਲ ਵਿੱਚ ਬਾਹਰਲੇ ਮੁਲਕਾਂ ਵਿੱਚ ਵਸਦੇ ਪੰਜਾਬੀਆਂ ਅਤੇ ਕੁੱਲ ਭਾਰਤੀ ਕਿਰਤੀਆਂ ਦੀ ਸ਼ਲਾਘਾ ਕੀਤੀ। ਬੁਲਾਰਿਆਂ ਨੇ ਜਿੱਤ ਤੋਂ ਸੰਤੁਸ਼ਟ ਹੋ ਕੇ ਬੈਠਣ ਦੀ ਬਜਾਇ ਆਉਣ ਵਾਲੇ ਹੋਰ ਲੋਕ ਮਾਰੂ ਹੱਲਿਆਂ ਤੋਂ ਜਾਗਰੂਕ ਰਹਿਣ ਅਤੇ ਉਨਾਂ ਨੂੰ ਰੋਕਣ ਲਈ ਵੱਡੀ ਲਾਮਬੰਦੀ ਦਾ ਸੱਦਾ ਦਿੱਤਾ।
ਇਸ ਮੌਕੇ ਵੱਖ-ਵੱਖ ਆਗੂਆਂ ਵੱਲੋਂ ਪਾਏ ਯੋਗਦਾਨ ਕਰਕੇ ਉਨਾਂ ਨੂੰ ਸਨਮਾਨਤ ਵੀ ਕੀਤਾ ਗਿਆ।
ਸ਼ਹੀਦ ਕਿਸਾਨਾਂ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਭੇਟ
ਭੁੱਚੋ ਮੰਡੀ (ਪੱਤਰ ਪ੍ਰੇਰਕ): ਬੀਕੇਯੂ ਏਕਤਾ (ਉਗਰਾਹਾਂ) ਜ਼ਿਲ੍ਹਾ ਬਠਿੰਡਾ ਦੀ ਕਮੇਟੀ ਵੱਲੋਂ ਖੇਤੀ ਕਨੂੰਨ ਰੱਦ ਕਰਵਾਉਣ ਦੀ ਖੁਸ਼ੀ ’ਚ ਲਹਿਰਾ ਬੇਗਾ ਟੌਲ ਪਲਾਜ਼ਾ ’ਤੇ ‘ਜੇਤੂ ਜਸ਼ਨ ਤੇ ਸਵਾਗਤੀ ਰੈਲੀ’ ਪ੍ਰੋਗਰਾਮ ਤਹਿਤ ਜਿੱਤ ਦੇ ਜਸ਼ਨ ਮਨਾਏ ਗਏ। ਇਸ ਮੌਕੇ ਬਲਾਕ ਨਥਾਣਾ, ਮੌੜ, ਰਾਮਪੁਰਾ ਤੇ ਤਲਵੰਡੀ ਦੇ ਹਜ਼ਾਰਾਂ ਦੀ ਗਿਣਤੀ ’ਚ ਇਕੱਠੇ ਹੋਏ ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਨੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਫੁੱਲਾਂ ਦੀ ਵਰਖਾ ਕੀਤੀ। ਜਲੇਬੀਆਂ ਦਾ ਵਿਸ਼ਾਲ ਲੰਗਰ ਚੱਲਿਆ। ਇਸ ਮੌਕੇ ਕਿਸਾਨ ਏਕੇ ਦੇ ਹੱਕ ’ਚ ਆਕਾਸ਼ ਗੂੰਜਵੇਂ ਨਾਅਰੇ ਲਗਾਏ ਗਏ। ਉਨ੍ਹਾਂ ਖੁਸ਼ੀ ਵਿੱਚ ਗੀਤ ਗਾਏ ਤੇ ਭੰਗੜੇ ਪਾਏ। ਕਿਸਾਨਾਂ ਵੱਲੋਂ ਬੈਸਟ ਪ੍ਰਾਈਸ ਮਾਲ ਅੱਗੇ ਚਲਦਾ ਮੋਰਚਾ ਖ਼ਤਮ ਕਰਨ ਤੇ ਟੌਲ ਰੇਟਾਂ ’ਚ ਕੀਤੇ ਵਾਧੇ ਖ਼ਿਲਾਫ਼ ਲਹਿਰਾ ਬੇਗਾ ਟੌਲ ਪਲਾਜ਼ਾ ’ਤੇ ਮੋਰਚਾ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਮੌਕੇ ਸੂਬਾਈ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਤੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਹਰਿੰਦਰ ਬਿੰਦੂ, ਮੋਠੂ ਸਿੰਘ ਕੋਟੜਾ, ਹਰਜਿੰਦਰ ਸਿੰਘ ਬੱਗੀ ਤੇ ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਦਾ ਸਿਹਰਾ ਉਨ੍ਹਾਂ ਕਿਰਤੀ ਲੋਕਾਂ ਦੇ ਸਿਰ ਬੱਝਿਆ ਹੈ, ਜੋ ਦਿਨ ਰਾਤ ਇੱਕ ਕਰਕੇ ਕਿਸਾਨ ਸੰਘਰਸ਼ ਵਿੱਚ ਡਟੇ ਰਹੇ।
ਮਾਨਸਾ (ਪੱਤਰ ਪ੍ਰੇਰਕ): ਕਿਸਾਨਾਂ-ਮਜ਼ਦੂਰਾਂ ਦੇ ਸੰਘਰਸ਼ਾਂ ਲਈ ਮੋਹਰੀ ਮੰਨੇ ਜਾਂਦੇ ਪਿੰਡ ਭੈਣੀਬਾਘਾ ਦਿੱਲੀ ਮੋਰਚਾ ਫ਼ਤਿਹ ਕਰਨ ਤੋਂ ਬਾਅਦ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪਿੰਡ ਵਿੱਚ ਮੋਰਚਾ ਫ਼ਤਿਹ ਮਾਰਚ ਕੱਢਿਆ ਗਿਆ, ਜਿਸ ਵਿੱਚ ਪਿੰਡ ਦੇ ਸੈਂਕੜੇ ਕਿਸਾਨਾਂ, ਨੌਜਵਾਨਾਂ, ਮਜ਼ਦੂਰਾਂ ਤੇ ਮਾਤਾਵਾਂ-ਭੈਣਾਂ ਨੇ ਭਾਗ ਲਿਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਪਿਛਲੇ ਇਕ ਸਾਲ ਤੋਂ ਦਿੱਲੀ ਵਿਖੇ ਚੱਲ ਰਹੇ ਧਰਨੇ ਦੀ, ਜਿੱਥੇ ਜਿੱਤ ਹੋਈ ਹੈ, ਉਥੇ ਸੈਂਕੜੇ ਕਿਸਾਨਾਂ,ਮਜ਼ਦੂਰਾਂ,ਮਾਤਾਵਾਂ-ਭੈਣਾਂ ਅਤੇ ਨੌਜਵਾਨਾਂ ਨੇ ਆਪਣੀ ਜਿੰਦਗੀ ਲੇਖੇ ਲਾਈ ਹੈ ਅਤੇ ਮੋਦੀ ਸਰਕਾਰ ਨੂੰ ਝੁਕਣਾ ਪਿਆ ਅਤੇ ਖੇਤੀ ਕਾਨੂੰਨ ਵਾਪਸ ਲੈਣੇਂ ਪਏ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਦੀ ਜਿੱਤ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਜਥੇਬੰਦਕ ਤਾਕਤ ਨਾਲ ਸੰਘਰਸ਼ ਕਰਕੇ ਮਸਲੇ ਹੱਲ ਕੀਤੇ ਜਾ ਸਕਦੇ ਹਨ।