ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 2 ਨਵੰਬਰ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਇਕਾਈ ਸ਼ਹਿਣਾ ਦੇ ਆਗੂਆਂ ਨੇ ਕਸਬਾ ਸ਼ਹਿਣਾ ’ਚ ਮੋਟਰ ਕੁਨੈਕਸ਼ਨ ਚੈੱਕ ਕਰਨ ਗਏ ਪਾਵਰਕੌਮ ਦੇ ਤਿੰਨ ਅਧਿਕਾਰੀਆਂ ਨੂੰ ਬੰਦੀ ਬਣਾ ਲਿਆ ਅਤੇ ਨਾਅਰੇਬਾਜ਼ੀ ਕੀਤੀ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਇਕਾਈ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀ ਜਿਹੜਾ ਮੋਟਰ ਕੁਨੈਕਸ਼ਨ ਚੈੱਕ ਕਰਨ ਆਏ ਸਨ, ਉਹ 30-35 ਸਾਲ ਤੋਂ ਭਜਨ ਸਿੰਘ ਪੁੱਤਰ ਗੁਰਦਿਆਲ ਸਿੰਘ ਦੇ ਨਾਮ ’ਤੇ ਚਲਦਾ ਹੈ, ਜੋ ਕਿ ਜਗਰੂਪ ਸਿੰਘ ਨਾਲ ਸਾਂਝਾ ਹੈ। ਹੁਣ ਇਹ ਰਕਬਾ ਆਪਸੀ ਤਬਾਦਲੇ ਕਾਰਨ ਜਗਰੂਪ ਸਿੰਘ ਕੋਲ ਚਲਾ ਗਿਆ ਹੈ ਜਦ ਕਿ ਕੁਨੈਕਸ਼ਨਲ ਭਜਨ ਸਿੰਘ ਦੇ ਨਾਮ ’ਤੇ ਹੀ ਚਲਦਾ ਹੈ।
ਦੂਜੇ ਪਾਸੇ ਬਿਜਲੀ ਬੋਰਡ ਸ਼ਹਿਣਾ ਦੇ ਐਸਡੀਓ ਸੁਖਪਾਲ ਸਿੰਘ ਨੇ ਦੱਸਿਆ ਕਿ ਪਟਿਆਲਾ ਹੈੱਡ ਆਫਿਸ ਤੋਂ ਸ਼ਿਕਾਇਤ ਦੇ ਆਧਾਰ ’ਤੇ ਇਨਫੋਰਸਮੈਂਟ ਦੀ ਟੀਮ ਨੇ ਸਤੰਬਰ ਮਹੀਨੇ ’ਚ ਚੈਕਿੰਗ ਕਰਕੇ ਕਿਸਾਨਾਂ ਨੂੰ ਨੋਟਿਸ ਕਰਕੇ ਕਾਗਜ਼ ਮੰਗੇ ਹਨ। ਹੁਣ ਦੁਬਾਰਾ ਤੋਂ ਹੈੱਡ ਆਫਿਸ ਨੂੰ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਕੁਨੈਕਸ਼ਨ ਚਲਦਾ ਹੋਣ ਦੀ ਜਾਂਚ ਕਾਰਨ ਬਿਜਲੀ ਬੋਰਡ ਦੇ ਜੇ.ਈ. ਅਤੇ ਸਹਾਇਕ ਲਾਇਨਮੈਨ ਗਏ ਸਨ, ਜਿੱਥੇ ਉਨ੍ਹਾਂ ਨੂੰ ਬੰਦੀ ਬਣਾ ਲਿਆ। ਇਸ ਦੀ ਰਿਪੋਰਟ ਥਾਣਾ ਸ਼ਹਿਣਾ ਨੂੰ ਦਿੱਤੀ ਗਈ ਹੈ। ਥਾਣਾ ਸ਼ਹਿਣਾ ਦੇ ਐਸ.ਐਚ.ਓ. ਜਗਦੇਵ ਸਿੰਘ ਨੇ ਪੁਲੀਸ ਪਾਰਟੀ ਭੇਜਕੇ ਬੰਦੀ ਬਣਾਏ ਕਰਮਚਾਰੀਆਂ ਨੂੰ ਛੁਡਾਇਆ। ਇਸ ਮਾਮਲੇ ਸਬੰਧੀ ਅਜੇ ਗੱਲਬਾਤ ਜਾਰੀ ਹੈ। ਇਸ ਮੌਕੇ ਕਾਲਾ ਸਿੰਘ ਉਪਲ, ਬਲਵੀਰ ਸਿੰਘ ਬੀਰਾ, ਜੰਗ ਸਿੰਘ ਮੌੜ, ਨਛੱਤਰ ਸਿੰਘ, ਜਰਨੈਲ ਸਿੰਘ, ਬਾਬੂ ਸਿੰਘ, ਬਿੰਦਰ ਸਿੰਘ, ਮਨਪ੍ਰੀਤ ਸਿੰਘ, ਸੁਖਚੈਨ ਸਿੰਘ, ਹੈਪੀ ਸਿੰਘ ਸਮੇਤ ਹੋਰ ਕਿਸਾਨ ਹਾਜ਼ਰ ਸਨ।