ਬਲਜੀਤ ਸਿੰਘ
ਸਰਦੂਲਗੜ੍ਹ 22 ਅਪਰੈਲ
ਨਿਊ ਢੰਡਾਲ ਨਹਿਰ ’ਚੋਂ ਨਿਕਲਦੀ ਰੋੜਕੀ ਮਾਈਨਰ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਪਾਣੀ ਨਾ ਆਉਣ ਕਾਰਨ ਕਿਸਾਨ ਫਸਲਾਂ ਦੀ ਸਿੰਚਾਈ ਲਈ ਨਹਿਰੀ ਪਾਣੀ ਨੂੰ ਤਰਸ ਰਹੇ ਹਨ। ਕਿਸਾਨਾਂ ਨੂੰ ਮਜਬੂਰੀ ’ਚ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਧਰਤੀ ਹੇਠਲਾ ਸ਼ੋਰੇਵਾਲਾ ਦੂਸ਼ਿਤ ਪਾਣੀ ਸਿੰਚਾਈ ਕਰਨ ਲਈ ਵਰਤਣਾ ਪੈ ਰਿਹਾ ਹੈ। ਕਾਮਰੇਡ ਲਾਲ ਚੰਦ ਨੇ ਦੱਸਿਆ ਕਿ ਨਿਊ ਢੰਡਾਲ ਨਹਿਰ ਨਵੇਂ ਸਿਰੇ ਤੋਂ ਬਣ ਰਹੀ ਸੀ। ਜਿਸ ਕਾਰਨ ਕਈ ਮਹੀਨਿਆਂ ਤੋਂ ਇਸ ਵਿੱਚ ਪਾਣੀ ਨਹੀਂ ਆ ਰਿਹਾ। ਹੁਣ ਇਸ ਵਿੱਚ ਪਾਣੀ ਛੱਡਿਆ ਗਿਆ ਹੈ ਪਰ ਇਸ ਤੋਂ ਅੱਗੇ ਨਿਕਲਦੀ ਰੋੜਕੀ ਮਾਈਨਰ ਵਿੱਚ ਪਾਣੀ ਨਹੀਂ ਆ ਰਿਹਾ ਜਿਸ ਕਾਰਨ ਰੋੜਕੀ ਮਾਈਨਰ ’ਤੇ ਪੈਂਦੇ ਰਕਬੇ ਦੇ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੀ ਸਿੰਚਾਈ ਕਰਨ ਲਈ ਨਹਿਰੀ ਪਾਣੀ ਦੀ ਵੱਡੀ ਦਿੱਕਤ ਆ ਰਹੀ ਹੈ। ਰੋੜਕੀ ਮਾਈਨਰ ’ਤੇ ਪੈਂਦੇ ਕਿਸਾਨਾਂ ਦੇ ਇਕ ਵਫ਼ਦ ਨੇ ਅੱਜ ਐਕਸੀਅਨ ਨਹਿਰੀ ਵਿਭਾਗ ਨੂੰ ਮਿਲ ਕੇ ਆਪਣੀ ਸਮੱਸਿਆ ਤੋਂ ਜਾਣੂ ਕਰਵਾ ਕੇ ਮੰਗ ਕੀਤੀ ਹੈ ਕਿ ਰੋੜਕੀ ਮਾਈਨਰ ਵਿੱਚ ਪਾਣੀ ਦੀ ਨਿਰਵਿਘਨ ਸਪਲਾਈ ਕੀਤੀ ਜਾਵੇ। ਇਸ ਸਬੰਧੀ ਸਬੰਧਤ ਮਹਿਕਮੇ ਦੇ ਐੱਸਡੀਓ ਗੁਣਦੀਪ ਸਿੰਘ ਦਾ ਕਹਿਣਾ ਹੈ ਕਿ ਸਫ਼ਾਈ ਨਾ ਹੋਣ ਕਾਰਨ ਮਾਈਨਰ ’ਚ ਪਾਣੀ ਅੱਗੇ ਨਹੀਂ ਜਾ ਰਿਹਾ। ਇਸ ਦੀ ਸਫ਼ਾਈ ਕਰਾਉਣ ਦਾ ਬਜਟ ਬਣਾ ਕੇ ਭੇਜ ਚੁੱਕੇ ਹਾਂ ਤੇ ਜਲਦੀ ਹੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।