ਪੱਤਰ ਪ੍ਰੇਰਕ
ਝੁਨੀਰ, 22 ਮਾਰਚ
ਇਲਾਕਾ ਝੁਨੀਰ ਦੇ ਚਾਰ ਦਰਜਨ ਤੋਂ ਵਧੀਕ ਪਿੰਡਾਂ ਦਾ ਧਰਤੀ ਹੇਠਲਾ ਪਾਣੀ ਖਾਰਾ, ਭਾਰਾ ਅਤੇ ਕੌੜਾ ਹੋਣ ਕਾਰਨ ਇਨ੍ਹਾਂ ਪਿੰਡਾਂ ਦੇ ਕਿਸਾਨ ਆਪਣੀ ਖੇਤੀ ਲਈ ਵਧੇਰੇ ਕਰਕੇ ਨਹਿਰੀ ਪਾਣੀ ’ਤੇ ਹੀ ਨਿਰਭਰ ਕਰਦੇ ਹਨ। ਖੇਤਰ ਦੀਆਂ ਸਾਰੀਆਂ ਹੀ ਲਿੰਕ ਨਹਿਰਾਂ ਦੀ ਸਫਾਈ ਅਤੇ ਮੁਰੰਮਤ ਜਿੱਥੇ ਸਮੇਂ ਸਿਰ ਨਹੀਂ ਹੁੰਦੀ ਹੈ ਉੱਥੇ ਇਸ ਦੇ ਹੋਰ ਤਕਨੀਕੀ ਨੁਕਸਾਂ ਕਾਰਨ ਵੀ ਨਹਿਰੀ ਵਿਭਾਗ ਦੇ ਅਧਿਕਾਰੀ ਪਿਛਲੇ ਪਿੰਡਾਂ ਦੇ ਧਨਾਢ ਕਿਸਾਨਾਂ ਦੇ ਦਬਾਅ ਵਿਚ ਆ ਕੇ ਸਹੀ ਤਰੀਕੇ ਨਾਲ ਠੀਕ ਨਹੀਂ ਕਰਦੇ ਹਨ। ਨਹਿਰਾਂ ਵਿੱਚ ਅੱਗੇ ਜਾ ਕੇ ਪਾਣੀ ਦਾ ਵਹਾਅ ਘਟਣ ਕਾਰਨ ਮੂਸਾ, ਉੱਡਤ, ਚਚੋਹਰ ਅਤੇ ਹੋਰ ਟੇਲਾਂ ’ਤੇ ਨਹਿਰੀ ਪਾਣੀ ਮਨਜ਼ੂਰ ਹੋਈ ਮਾਤਰਾ ਨਾਲੋਂ ਅੱਧਾ ਵੀ ਨਹੀਂ ਮਿਲਦਾ ਹੈ। ਇਸ ਕਾਰਨ ਜਿੱਥੇ ਖੇਤੀ ਦੀ ਕਾਸ਼ਤ ਪ੍ਰਭਾਵਤ ਹੁੰਦੀ ਹੈ ਉੱਥੇ ਲੋਕਾਂ ਨੂੰ ਜਲ ਸਪਲਾਈ ਸਕੀਮਾਂ ਦੁਆਰਾ ਪੀਣ ਵਾਲਾ ਪਾਣੀ ਵੀ ਸਾਰਾ ਸਾਲ ਪੂਰੀ ਮਾਤਰਾ ਵਿੱਚ ਨਹੀਂ ਮਿਲਦਾ। ਬਜ਼ੁਰਗ ਕਿਸਾਨ ਆਗੂ ਹਰਦੇਵ ਸਿੰਘ ਕੋਟਧਰਮੂ, ਮਾਸਟਰ ਗੁਰਜੰਟ ਸਿੰਘ ਝੁਨੀਰ ਅਤੇ ਪਰਮਪ੍ਰੀਤ ਸਿੰਘ ਮਾਖਾ ਨੇ ਨਹਿਰੀ ਵਿਭਾਗ ਤੋਂ ਲਿੰਕ ਨਹਿਰਾਂ ਦੀ ਮੁਕੰਮਲ ਰੂਪ ਵਿੱਚ ਸਫਾਈ ਕਰਨ ਦੇ ਨਾਲ-ਨਾਲ ਨਾਲ ਟੁੱਟੀਆਂ ਨਹਿਰਾਂ ਦੀ ਆਲੇ-ਦੁਆਲੇ ਦੀ ਸਫਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਦੱਸਿਆ ਕਿ ਲਿੰਕ ਨਹਿਰ ਦੀ ਚੌੜਾਈ ਘੱਟ ਹੋਣ ਕਾਰਨ ਨਹਿਰਾਂ ਪਿੱਛੇ ਆਏ ਪਾਣੀ ਨੂੰ ਭਾਰੀ ਮੀਂਹ ਵਿੱਚ ਸੰਭਾਲ ਨਹੀਂ ਸਕਦੀਆਂ ਹਨ। ਇਸ ਕਾਰਨ ਫਸਲਾਂ ਦਾ ਨੁਕਸਾਨ ਹੁੰਦਾ ਹੈ।