ਪੱਤਰ ਪ੍ਰੇਰਕ
ਸੰਘਾ, 18 ਅਪਰੈਲ
ਜਿੱਥੇ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਬਣੀ ਨਵੀਂ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ, ਉਥੇ ਹੀ ਸਬ ਡਿਵੀਜ਼ਨ ਸਰਦੂਲਗੜ੍ਹ ਦੇ ਪਿੰਡ ਮੀਰਪੁਰ ਕਲਾਂ ’ਚ ਬਣੀ ਮੰਡੀ ਵਿਚ ਕਣਕ ਦੇ ਗੱਟਿਆਂ ਦੀ ਲਿਫਟਿੰਗ ਨਾ ਹੋਣ ’ਤੇ ਕਿਸਾਨ ਪ੍ਰਸ਼ਾਨ ਹੋ ਰਹੇ ਹਨ। ਕਿਸਾਨਾਂ ਨੇ ਦੱਸਿਆ ਕਿ ਅਨਾਜ ਮੰਡੀ ਮੀਰਪੁਰ ਕਲਾਂ ਵਿੱਚ ਗੱਟਿਆਂ ਦੀ ਲਿਫਟਿੰਗ ਨਹੀਂ ਹੋ ਰਹੀ ਜਿਸ ਕਾਰਨ ਕਿਸਾਨਾਂ ਨੂੰ ਮਜਬੂਰਨ ਆਪਣੀ ਕਣਕ ਕੱਚੇ ਥਾਂ ਵਿੱਚ ਉਤਾਰਨੀ ਪੈ ਰਹੀ ਹੈ। ਜਾਣਕਾਰੀ ਦਿੰਦਿਆਂ ਪਿੰਡ ਮੀਰਪੁਰ ਕਲਾਂ ਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਸੇਵਾਦਾਰ ਹਰਪਾਲ ਸਿੰਘ ਪਾਲੀ ਮੀਰਪੁਰ ਕਲਾਂ ਨੇ ਦੱਸਿਆ ਕਿ ਮੰਡੀ ਵਿੱਚ ਕਿਸਾਨਾਂ ਨੂੰ ਲਿਫਟਿੰਗ ਨਾ ਹੋਣ ਕਾਰਨ ਕੱਚੇ ਥਾਂ ਉੱਪਰ ਕਣਕ ਉਤਾਰਨੀ ਪੈ ਰਹੀ ਹੈ। ਕਾਫ਼ੀ ਕਿਸਾਨ ਤਾਂ ਇਸ ਤਰ੍ਹਾਂ ਦੇ ਵੀ ਹਨ ਕਿ ਜਿਸ ਨੂੰ ਕਣਕ ਉਤਾਰਨ ਲਈ ਜਗ੍ਹਾ ਨਹੀਂ ਮਿਲ ਰਹੀ ਤੇ ਦੋ ਦਿਨਾਂ ਤੋਂ ਟਰਾਲੀਆਂ ਵਿੱਚ ਭਰੀ ਕਣਕ ਉਵੇਂ ਹੀ ਖੜ੍ਹੀ ਹੈ। ਇਸ ਮੌਕੇ ਕਿਸਾਨ ਆਗੂ ਨੇ ਕਿਹਾ ਕਿ ਇਸ ਸਬੰਧੀ ਉਹ ਮਾਰਕੀਟ ਕਮੇਟੀ ਸਰਦੂਲਗੜ੍ਹ ਨੂੰ ਵੀ ਜਾਣੂ ਕਰਵਾ ਚੁੱਕੇ ਹਨ ਪਰ ਹਾਲੇ ਤੱਕ ਕੋਈ ਕੰਨ ’ਤੇ ਜੂੰ ਨਹੀਂ ਸਰਕੀ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਮਾਰਕੀਟ ਕਮੇਟੀ ਸਰਦੂਲਗੜ੍ਹ ਅਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਪਿੰਡ ਮੀਰਪੁਰ ਕਲਾਂ ਵਿੱਚ ਲਿਫਟਿੰਗ ਦਾ ਜਲਦੀ ਤੋਂ ਜਲਦੀ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਿਸਾਨ ਮੰਡੀਆਂ ਵਿੱਚ ਨਾ ਰੁਲਣ ਤੇ ਆਪਣੀ ਫ਼ਸਲ ਸਮੇਂ ਸਿਰ ਵੇਚ ਸਕਣ। ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਸਰਦੂਲਗੜ੍ਹ ਦੇ ਸਕੱਤਰ ਜਗਤਾਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮੰਡੀਆਂ ਵਿੱਚ ਕਣਕ ਇੱਕਦਮ ਆਉਣ ਕਾਰਨ ਇਹ ਪ੍ਰੇਸ਼ਾਨੀ ਆਈ ਹੈ ਅਤੇ ਲਿਫਟਿੰਗ ਦੀ ਜ਼ਿੰਮੇਵਾਰੀ ਖ਼ਰੀਦ ਏਜੰਸੀਆਂ ਦੀ ਹੁੰਦੀ ਹੈ ਪਰ ਉਹ ਆਪਣੇ ਵੱਲੋਂ ਖਰੀਦ ਏਜੰਸੀਆਂ ਨੂੰ ਜਲਦੀ ਲਿਫਟਿੰਗ ਕਰਨ ਲਈ ਬੋਲ ਰਹੇ ਹਨ ਹੈ ਅਤੇ ਜਲਦੀ ਇਸ ਪ੍ਰੇਸ਼ਾਨੀ ਤੋਂ ਨਿਜਾਤ ਮਿਲ ਜਾਵੇਗੀ। ਇਸ ਮੌਕੇ ਸੁੱਖੀ ਜਟਾਣਾ ਅਤੇ ਬਿੰਦਰ ਸਿੰਘ ਹਾਜ਼ਰ ਸਨ।