ਹਰਮੇਸ਼ਪਾਲ ਨੀਲੇਵਾਲ
ਜ਼ੀਰਾ, 3 ਜੁਲਾਈ
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜ਼ਿਲ੍ਹਾ ਫਿਰੋਜ਼ਪੁਰ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਫੇਰੋਕੇ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਆਗੂਆਂ ਨੇ ਆਖਿਆ ਕਿ ਇਸ ਸਮੇਂ ਬਿਜਲੀ ਪੂਰੀ ਨਾ ਆਉਣ ਕਾਰਨ ਕਿਸਾਨਾਂ ਲਈ ਝੋਨਾ ਪਾਲਣਾ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮੋਟਰਾਂ ਦੀ ਬਿਜਲੀ 8 ਘੰਟੇ ਨਿਰਵਿਘਨ ਕਰਵਾਉਣ ਤੇ ਘਰੇਲੂ ਬਿਜਲੀ 24 ਘੰਟੇ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ 5 ਜੁਲਾਈ ਨੂੰ ਪਟਿਆਲਾ ਵਿੱਚ ਬਿਜਲੀ ਬੋਰਡ ਦੇ ਮੁੱਖ ਦਫਤਰ ਦਾ ਅਣਮਿੱਥੇ ਸਮੇਂ ਲਈ ਘਿਰਾਓ ਕਰੇਗੀ। ਇਸ ਮੌਕੇ ਲੋਕ ਸੰਗਰਾਮ ਮੋਰਚੇ ਦੇ ਆਗੂ ਪਰਮਜੀਤ ਸਿੰਘ ਜ਼ੀਰਾ ਨੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਘਿਰਾਓ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਮੀਟਿੰਗ ਵਿਚ ਜ਼ਿਲ੍ਹਾ ਸਕੱਤਰ ਸੁਖਵੀਰ ਸਿੰਘ ਬੱਲ, ਜਗਰੂਪ ਸਿੰਘ, ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ ਕਾਦਾਬੋੜਾ ਆਦਿ ਹਾਜ਼ਰ ਸਨ।