ਪਵਨ ਗੋਇਲ
ਭੁੱਚੋ ਮੰਡੀ, 31 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਸਰਕਾਰ ਵੱਲੋਂ ਗੁਲਾਬੀ ਸੁੰਡੀ ਕਾਰਨ ਖਰਾਬ ਹੋਏ ਨਰਮੇ ਦੇ ਮੁਆਵਜ਼ੇ ਦੇ ਨਿਗੂਣੇ ਐਲਾਨ ਨੂੰ ਮੁੱਢੋਂ ਹੀ ਨਕਾਰ ਦਿੱਤਾ ਹੈ। ਸਰਕਾਰ ਦੇ ਇਸ ਫ਼ੈਸਲੇ ਖ਼ਿਲਾਫ਼ ਰੋਹ ਵਿੱਚ ਆਏ ਕਿਸਾਨਾਂ ਨੇ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਘਿਰਾਓ ਅਤੇ ਬੋਰਡਾਂ ’ਤੇ ਕਾਲਖ਼ ਫੇਰਨ ਦਾ ਤਿੱਖਾ ਵਿਰੋਧ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਲਹਿਰਾ ਬੇਗਾ ਟੌਲ ਪਲਾਜ਼ਾ ’ਤੇ ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸੂਬਾਈ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਕਿਸਾਨ ਨਰਮੇ ਦੇ ਮੁਆਵਜ਼ੇ ਲਈ ਇੱਕ ਮਹੀਨੇ ਤੋਂ ਸੰਘਰਸ਼ ਕਰ ਰਹੇ ਹਨ, ਪਰ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ 12 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਮਜ਼ਦੂਰਾਂ ਨੂੰ ਰੁਜ਼ਗਾਰ ਉਜਾੜੇ ਦੇ 12 ਸੌ ਰੁਪਏ ਪ੍ਰਤੀ ਪਰਿਵਾਰ ਮੁਆਵਜ਼ੇ ਦਾ ਐਲਾਨ ਕਰਕੇ ਉਨ੍ਹਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਉਨ੍ਹਾਂ ਕਿਹਾ ਕਿ ਇੰਨੇ ਮੁਆਵਜ਼ੇ ਨਾਲ ਨਾ ਤਾਂ ਖੇਤੀ ਦੇ ਲਾਗਤ ਖਰਚੇ ਪੂਰੇ ਹੁੰਦੇ ਹਨ ਅਤੇ ਨਾ ਹੀ ਮਜ਼ਦੂਰਾਂ ਦਾ ਚੁੱਲ੍ਹਾ ਤਪਦਾ ਰਹਿ ਸਕਦਾ ਹੈ। ਇਸ ਮੌਕੇ ਜੱਗਾ ਸਿੰਘ ਜੋਗੇਵਾਲਾ ਦੀ ਅਗਵਾਈ ਹੇਠ ਇੱਕ ਕਮੇਟੀ ਬਣਾ ਕੇ ਜ਼ਿਲ੍ਹੇ ਵਿੱਚ ਚੱਲਦੇ ਮੋਰਚਿਆਂ ਦੀ ਕਾਮਯਾਬੀ ਲਈ ਸੁਖਦੇਵ ਸਿੰਘ ਦੀ ਡਿਊਟੀ ਲਾਈ ਗਈ। ਦਿੱਲੀ ਮੋਰਚਿਆਂ ’ਚ ਗਿਣਤੀ ਵਧਾਉਣ ਲਈ ਲਾਮਬੰਦੀ ਲਈ ਹਰਜਿੰਦਰ ਸਿੰਘ ਬੰਘੀ ਦੀ ਇੰਚਾਰਜ ਵਜੋਂ ਜ਼ਿੰਮੇਵਾਰੀ ਲਾਈ ਗਈ। ਇਸ ਮੌਕੇ ਅਵਤਾਰ ਸਿੰਘ ਪੂਹਲਾ, ਕੁਲਵੰਤ ਸ਼ਰਮਾ, ਅਜੇਪਾਲ ਘੁੱਦਾ, ਅਮਰੀਕ ਸਿਵੀਆਂ, ਕਾਲਾ ਸਿੰਘ ਚੱਠੇਵਾਲਾ, ਜੋਧਾ ਸਿੰਘ ਮਾਹੀਨੰਗਲ, ਪਰਮਜੀਤ ਕੌਰ ਪਿੱਥੋ ਸਮੇਤ ਬਲਾਕਾਂ ਅਤੇ ਪਿੰਡਾਂ ਦੇ ਆਗੂ ਸ਼ਾਮਲ ਸਨ।
ਟੱਲੇਵਾਲ (ਲਖਵੀਰ ਸਿੰਘ ਚੀਮਾ): ਪਿੰਡ ਭੋਤਨਾ ਦੀ ਦਾਣਾ ਮੰਡੀ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੈਨਰਾਂ ’ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਕਾਲਖ਼ ਮਲ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਜਥੇਬੰਦੀ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ, ਗੁਰਨਾਮ ਸਿੰਘ ਫ਼ੌਜੀ, ਗੁਰਪ੍ਰੀਤ ਸਿੰਘ ਕਾਲਾ ਅਤੇ ਮਾਸਟਰ ਗੁਰਚਰਨ ਸਿੰਘ ਨੇ ਕਿਹਾ ਕਿ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਨੇ ਬਰਬਾਦ ਕਰ ਦਿੱਤੀ ਹੈ ਜਿਸ ਲਈ ਕਿਸਾਨਾਂ ਵੱਲੋਂ 60 ਹਜ਼ਾਰ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਸਰਕਾਰ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਣ ਦੀ ਥਾਂ ਕਰੋੜਾਂ ਰੁਪਏ ਖ਼ਰਚ ਕੇ ਮੁੱਖ ਮੰਤਰੀ ਦੀ ਫੋਟੋ ਵਾਲੇ ਬੈਨਰ ਲਾ ਰਹੀ ਹੈ ਜਦਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਰਾਸ਼ੀ ਕਿਸਾਨਾਂ ਨੂੰ ਯੋਗ ਮੁਆਵਜ਼ੇ ਦੇ ਰੂਪ ਵਿੱਚ ਦਿੱਤੀ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਜਿੰਨਾ ਸਮਾਂ ਨਰਮੇ ਦਾ ਯੋਗ ਮੁਆਵਜ਼ਾ ਪੀੜਤ ਕਿਸਾਨਾਂ ਨੂੰ ਨਹੀਂ ਮਿਲਦਾ, ਉੱਨਾ ਸਮਾਂ ਉਹ ਸੰਘਰਸ਼ ਜਾਰੀ ਰੱਖਣਗੇ ਅਤੇ ਪਿੰਡਾਂ ਵਿੱਚ ਆਉਣ ਵਾਲੇ ਕਾਂਗਰਸੀ ਨੇਤਾਵਾਂ ਦਾ ਘਿਰਾਉ ਕਰ ਕੇ ਵਿਰੋਧ ਕਰਨਗੇ।
ਮਾਨਸਾ: ਸਰਕਾਰੀ ਇਮਾਰਤਾਂ ਅਤੇ ਬੱਸਾਂ ਨੂੰ ਨਿਸ਼ਾਨਾ ਬਣਾਇਆ
ਮਾਨਸਾ (ਜੋਗਿੰਦਰ ਸਿੰਘ ਮਾਨ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਵਰਕਰਾਂ ਨੇ ਸਰਕਾਰੀ ਥਾਵਾਂ ਉੱਤੇ ਲੱਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਫੋਟੋ ਵਾਲੇ ਫਲੈਕਸਾਂ ਉਪਰ ਕਾਲਖ਼ ਮਲੀ, ਜਿਨ੍ਹਾਂ ਨੂੰ ਰੋਕਣ ਲਈ ਕਿਸੇ ਵੀ ਸਰਕਾਰੀ ਵਿਭਾਗ ਦਾ ਕੋਈ ਅਧਿਕਾਰੀ ਅਤੇ ਨਾ ਹੀ ਕੋਈ ਪੁਲੀਸ ਕਰਮਚਾਰੀ ਸਾਹਮਣੇ ਆਇਆ। ਜਥੇਬੰਦੀ ਦੇ ਆਗੂਆਂ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਫਲੈਕਸਾਂ ਨੂੰ ਪੀਆਰਟੀਸੀ ਦੀਆਂ ਬੱਸਾਂ ਉੱਤੇ ਕਾਲਖ ਫੇਰ ਕੇ ਬਦਸ਼ਕਲ ਕੀਤਾ ਗਿਆ ਅਤੇ ਮਾਨਸਾ ਦੇ ਸਿਵਲ ਹਸਪਤਾਲ, ਅਨਾਜ ਮੰਡੀ ਅਤੇ ਸਰਕਾਰੀ ਪਟਵਾਰਖਾਨੇ ਦੀ ਇਮਾਰਤ ਸਮੇਤ ਕਈ ਹੋਰ ਥਾਵਾਂ ’ਤੇ ਲਾਏ ਫਲੈਕਸਾਂ ਉਪਰ ਕਾਲਖ਼ ਮਲੀ ਗਈ। ਇਹ ਵੀ ਵੇਖਿਆ ਗਿਆ ਹੈ ਕਿ ਸਥਾਨਕ ਸਿਆਸੀ ਨੇਤਾਵਾਂ ਵੱਲੋਂ ਜਿਹੜੇ ਫਲੈਕਸ ਮੁੱਖ ਮੰਤਰੀ ਦੀ ਫੋਟੋ ਵਾਲੇ ਆਪਣੀਆਂ ਤਸਵੀਰਾਂ ਨਾਲ ਲਾਏ ਗਏ ਸਨ, ਉਨ੍ਹਾਂ ਉਪਰ ਵੀ ਜਥੇਬੰਦਕ ਨੇਤਾਵਾਂ ਵੱਲੋਂ ਕਾਲਖ ਫੇਰੀ ਗਈ ਹੈ, ਜਦਕਿ ਸਥਾਨਕ ਨੇਤਾਵਾਂ ਦੀ ਫੋਟੋ ਨੂੰ ਨਹੀਂ ਛੇੜਿਆ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਦੀ ਅਗਵਾਈ ਹੇਠ ਇਨ੍ਹਾਂ ਫਲੈਕਸਾਂ ’ਤੇ ਕਾਲਖ ਮਲੀ ਗਈ। ਉਨ੍ਹਾਂ ਨਾਲ ਜਥੇਬੰਦੀ ਦੇ ਬਲਾਕ ਮਾਨਸਾ ਦੇ ਖਜ਼ਾਨਚੀ ਮਹਿੰਦਰ ਸਿੰਘ ਖੜਕ ਸਿੰਘ ਵਾਲਾ,ਕਾਕਾ ਸਿੰਘ ਭੈਣੀਬਾਘਾ, ਜਗਸੀਰ ਸਿੰਘ ਭੈਣੀਬਾਘਾ, ਸੁਖਵੀਰ ਸਿੰਘ ਖੋਖਰ ਕਲਾਂ, ਮੇਲਾ ਸਿੰਘ ਅਤੇ ਗੁਰਜੰਟ ਸਿੰਘ ਲੂੱਲਆਣਾ ਮੌਜੂਦ ਸਨ।