ਧਰਮਪਾਲ ਤੂਰ
ਸੰਗਤ ਮੰਡੀ,1 ਜੁਲਾਈ
ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਸੰਗਤ ਬਲਾਕ ਦੇ ਗਹਿਰੀ ਬੁੱਟਰ,ਦੁੱਨੇਵਾਲਾ,ਜੈ ਸਿੰਘ ਵਾਲਾ,ਫੁੱਲੋ ਮਿੱਠੀ ਆਦਿ ਵੱਖ-ਵੱਖ ਪਿੰਡਾਂ ਦੇ ਲੋਕਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ),ਬੀਕੇਯੂ ਸਿੱਧੂਪੁਰ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ ਹੇਠ ਸੰਗਤ ਗਰਿੱਡ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਇਸ ਸਬੰਧੀ ਜਦ ਸਬੰਧਿਤ ਬਿਜਲੀ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬਿਜਲੀ ਦੀ ਘਾਟ ਕਾਰਨ ਪਟਿਆਲ਼ਾ ਤੋਂ ਹੀ ਪਾਵਰ ਕੱਟ ਲਗਾਏ ਜਾ ਰਹੇ ਹਨ ਸਥਾਨਕ ਬਿਜਲੀ ਅਧਿਕਾਰੀਆਂ ਦਾ ਇਸ ਵਿੱਚ ਕੋਈ ਰੋਲ ਨਹੀਂ ਹੈ।
ਮਹਿਲ ਕਲਾਂ (ਨਵਕਿਰਨ): ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਮਹਿਲ ਕਲਾਂ ਦੇ ਦੁਕਾਨਦਾਰਾਂ ਵੱਲੋਂ ਬਰਨਾਲਾ ਲੁਧਿਆਣਾ ਮੁੱਖ ਮਾਰਗ ’ਤੇ ਆਵਾਜਾਈ ਠੱਪ ਕਰਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨ ਸਰਾਂ,ਮੀਤ ਪ੍ਰਧਾਨ ਬਲਜੀਤ ਸਿੰਘ ਗੰਗੋਹਰ ਨੇ ਮੰਗ ਕੀਤੀ ਕਿ 24 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਇਸ ਮੌਕੇ ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ ਵੱਲੋਂ ਦੁਕਾਨਦਾਰ ਯੂਨੀਅਨ ਤੋਂ ਮੰਗ ਪੱਤਰ ਪ੍ਰਾਪਤ ਕਰਦਿਆਂ ਮਸਲੇ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਜਿਸ ਉਪਰੰਤ ਦੁਕਾਨਦਾਰਾਂ ਵੱਲੋਂ ਜਾਮ ਖੋਲ੍ਹ ਦਿੱਤਾ ਗਿਆ।
ਭਾਈਰੂਪਾ (ਅਵਤਾਰ ਧਾਲੀਵਾਲ): ਬਿਜਲੀ ਦੇ ਮਾੜੇ ਪ੍ਰਬੰਧਾਂ ਤੋਂ ਅੱਕੇ ਪਿੰਡ ਸੇਲਬਰਾਹ ਦੇ ਲੋਕਾਂ ਨੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਦੀ ਅਗਵਾਈ ਹੇਠ ਇਕੱਤਰ ਹੋ ਕਿ ਪਹਿਲਾਂ ਬੀਤੀ ਰਾਤ ਨੂੰ ਪਿੰਡ ਸੇਲਬਰਾਹ ਦੇ ਗਰਿੱਡ ਦਾ ਮੁਕੰਮਲ ਘਿਰਾਓ ਕੀਤਾ ਗਿਆ ’ਤੇ ਸਵੇਰ ਵੇਲੇ ਸਬ ਡਿਵੀਜ਼ਨ ਭਾਈਰੂਪਾ ਦੇ ਦਫਤਰ ਅੱਗੇ ਧਰਨਾ ਮਾਰਕੇ ਪੰਜਾਬ ਸਰਕਾਰ ਅਤੇ ਪਾਵਰਕੌਮ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਧਨੌਲਾ (ਪੁਨੀਤ ਮੈਨਨ): ਬੀਤੀ ਰਾਤ ਧਨੌਲਾ, ਮਾਨਾ ਪਿੰਡੀ ਦੇ ਨਿਵਾਸੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਧਰਨਾ ਲਗਾਇਆ ਗਿਆ। ਪਿੰਡ ਨਿਵਾਸੀਆ ਨੇ ਦੱਸਿਆ ਕੇ ਬੀਤੇ ਦੋ ਦਿਨਾਂ ਤੋਂ ਚਾਰ ਘੰਟਿਆ ਦੇ ਕੱਟ ਤੋਂ ਬਾਅਦ ਸਿਰਫ 10 ਮਿੰਟ ਲਈ ਲਾਈਟ ਆਉਂਦੀ ਹੈ।
ਬਿਜਲੀ ਕੰਟਰੋਲ ਰੂਮ ਦੇ ਫੋਨ ਬੰਦ, ਕਿਸਾਨ ਤੰਗ
ਸਮਾਲਸਰ (ਪੱਤਰ ਪ੍ਰੇਰਕ): ਬੀਕੇਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਹਰਮੰਦਰ ਸਿੰਘ ਡੇਮਰੂ ਕਲਾਂ ਨੇ ਦੱਸਿਆ ਕਿ ਬਿਜਲੀ ਸਪਲਾਈ ਤੋਂ ਦੁਖੀ ਕਿਸਾਨਾਂ ਨੇ ਬਾਘਾਪਰਾਣਾ ਵਿਚ ਐਕਸੀਅਨ ਦਫਤਰ ਵਿਚ ਪੱਕਾ ਧਰਨਾ ਲਾ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਹਰਮੰਦਰ ਸਿੰਘ ਡੇਮਰੂ ਕਲਾਂ ਤੇ ਲੰਡੇ ਦੇ ਕਿਸਾਨ ਸੁਖਦੀਪ ਨੇ ਦੱਸਿਆ ਕਿ ਜਦ ਕਿਸਾਨ ਬਿਜਲੀ ਕੰਟਰੋਲ ਰੂਮ ਫੋਨ ਕਰਦੇ ਹਨ ਤਾਂ ਅੱਗੋਂ ਫੋਨ ਬੰਦ ਹੋਣ ਦੀ ਸੂਚਨਾ ਮਿਲਦੀ ਹੈ। ਬਾਘਾਪੁਰਾਣਾ ਵਿਚ ਐਕਸੀਅਨ ਦੇ ਦਫਤਰ ਅੱਗੇ ਲਾਏ ਪੱਕੇ ਧਰਨੇ ਬਾਰੇ ਕਿਸਾਨ ਬੁੱਕਣ ਸਿੰਘ ਡੇਮਰੂ ਕਲਾਂ ਨੇ ਕਿਹਾ ਕਿ ਜਦ ਤੱਕ ਪੂਰੀ ਬਿਜਲੀ ਸਪਲਾਈ ਬਹਾਲ ਨਹੀਂ ਹੁੰਦੀ ਉਹ ਇਥੋਂ ਨਹੀਂ ਉਠਣਗੇ। ਇਸ ਸਬੰਧੀ ਜਦ ਬਾਘਾਪੁਰਾਣਾ ਦੇ ਐਕਸੀਅਨ ਜਸਵੀਰ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਸੁਣਨਾ ਮੁਨਾਸਬਿ ਨਾ ਸਮਝਿਆ।