ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 28 ਫ਼ਰਵਰੀ
ਕਾਸ਼ਤਕਾਰ ਮਟਰਾਂ ਦੀ ਘੱਟ ਪੈਦਾਵਾਰ ਤੋਂ ਨਿਰਾਸ਼ ਹਨ। ਦਿਨ-ਰਾਤ ਦੀ ਮਿਹਨਤ ਕਰਕੇ ਪੁੱਤਾਂ ਵਾਂਗੂੰ ਪਾਲੇ ਮਟਰਾਂ ਦੀ ਘੱਟ ਪੈਦਾਵਾਰ ਨੇ ਉਨ੍ਹਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਫ਼ਸਲਾਂ, ਸਬਜ਼ੀਆਂ ਦਾ ਕੋਈ ਬੀਮਾ ਨਾ ਹੋਣ ਕਾਰਨ ਪੈਦਾਵਾਰ ਰੱਬ ਆਸਰੇ ਹੈ। ਫ਼ਰਵਰੀ ਮਹੀਨੇ ਹੋਈ ਬੇਮੌਸਮੀ ਬਾਰਿਸ਼ ਨੇ ਸਬਜ਼ੀਆਂ ਦੇ ਨਾਲ ਮਟਰਾਂ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਇਸ ਲਈ ਸਬਜ਼ੀਆਂ ਮਹਿੰਗੀਆਂ ਹੋ ਗਈਆਂ ਹਨ। ਜਾਣਕਾਰੀ ਅਨੁਸਾਰ ਕੁੱਝ ਕਾਸ਼ਤਕਾਰ ਜ਼ਮੀਨ ਠੇਕੇ ’ਤੇ ਸਬਜ਼ੀਆਂ ਲਈ ਪੰਜ ਮਹੀਨੇ ਲਈ ਪੰਜਾਹ ਹਜ਼ਾਰ ਕਰੀਬ ’ਚ ਪ੍ਰਤੀ ਏਕੜ ਦੇ ਮਾਮਲੇ ’ਤੇ ਜ਼ਮੀਨ ਲਈ ਜਾਂਦੀ ਹੈ। ਝੋਨੇ ਦੀ ਕਟਾਈ ਤੋਂ ਝੋਨੇ ਦੀ ਲਵਾਈ ਤੱਕ ਲਈ ਇਸ ਜ਼ਮੀਨ ਵਿੱਚ ਗੋਭੀ, ਆਲੂ, ਮਟਰ, ਟਮਾਟਰ ਆਦਿ ਦੀ ਫ਼ਸਲ ਪਿੱਛੋਂ ਭਿੰਡੀ, ਕੱਦੂ, ਤੋਰੀ, ਲੌਕੀ ਅੱਲਾਂ, ਖੀਰੇ ਆਦਿ ਦੀ ਕਾਸ਼ਤ ਹੁੰਦੀ ਹੈ। ਨਿਹਾਲ ਸਿੰਘ ਵਾਲਾ ਦੇ ਖੋਟੇ, ਪੱਤੋ, ਸੈਦੋਕੇ, ਮਾਣੁੰਕੇ, ਰਾਉਕੇ, ਹਿੰਮਤਪੁਰਾ ਆਦਿ ਪਿੰੰਡਾਂ ਦੇ ਬੌਰੀਆ ਸਿੱਖ ਬਰਾਦਰੀ ਦੇ ਲੋਕ ਸਬਜ਼ੀ, ਖਰਬੂਜੇ ਖੱਖੜੀ ਦੀ ਕਾਸ਼ਤ ਕਰਦੇ ਹਨ। ਇਸ ਵਾਰ ਗੋਭੀ ਦੀ ਵਿਕਰੀ ਚਾਲੀ ਰੁਪਏ ਹੋ ਰਹੀ ਹੈ। ਝਾੜ ਵੀ ਚੰਗਾ ਹੈ। ਮਟਰ ਦਾ ਭਾਅ ਚਾਲੀ ਰੁਪਏ ਕਿਲੋ ਵਿਕਣ ਦੇ ਬਾਵਜੂਦ ਇਸ ਦੇ ਕਾਸ਼ਤਕਾਰ ਪ੍ਰੇਸ਼ਾਨ ਹਨ। ਉਨ੍ਹਾਂ ਨੂੰ ਜ਼ਮੀਨ ਦਾ ਮਾਮਲਾ ਪੂਰਾ ਹੋਣ ਦੀ ਵੀ ਉਮੀਦ ਨਹੀਂ ਹੈ।
ਪੀੜਤ ਕਿਸਾਨ ਬਲਵੀਰ ਸਿੰਘ, ਕਾਲੂ, ਲਾਲੋ ਤੇ ਗੋਪੀ ਨੇ ਦੁਖੀ ਮਨ ਨਾਲ ਦੱਸਿਆ ਕਿ ਉਨ੍ਹਾਂ ਮਟਰ ਦਾ ਝਾੜ ਬਹੁਤ ਥੋੜ੍ਹਾ ਹੈ। ਉਨ੍ਹਾਂ ਕਿਹਾ ਉਨ੍ਹਾਂ ਦਾ ਸਾਰਾ ਪਰਿਵਾਰ ਸਬਜ਼ੀਆਂ ਦੀ ਕਾਸ਼ਤ ਵਿੱਚ ਲੱਗਿਆ ਰਹਿੰਦਾ ਹੈ। ਇਸ ਵਾਰ ਉਨ੍ਹਾਂ ਨੂੰ ਮਟਰਾਂ ਨੇ ਡੋਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਪਣੀ ਮਿਹਨਤ ਨਾ ਵੀ ਲਾਈਏ ਫ਼ਿਰ ਵੀ ਮਟਰ ਆਪਣਾ ਖਰਚਾ ਪੂਰਾ ਨਹੀਂ ਕਰਦੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਸਬਜ਼ੀਆਂ ਦਾ ਘੱਟੋ-ਘੱਟ ਸਮਰਥਨ ਮੁੱਲ ਤੇ ਮੰਡੀਕਰਨ ਨੀਤੀ ਬਣਾਵੇ ਤਾਂ ਕਿ ਕਿਰਤੀ ਲੋਕਾਂ ਦਾ ਗੁਜਾਰਾ ਚੱਲ ਸਕੇ।