ਪੱਤਰ ਪ੍ਰੇਰਕ
ਤਪਾ ਮੰਡੀ, 8 ਨਵੰਬਰ
ਕਣਕ ਅਤੇ ਆਲੂਆਂ ਦੀ ਬਿਜਾਈ ਸ਼ੁਰੂ ਹੋਣ ਸਾਰ ਡੀਏਪੀ ਖਾਦ ਦੀ ਘਾਟ ਕਰ ਕੇ ਖਾਦ ਬਲੈਕ ’ਚ ਵਿਕਣ ਲੱਗ ਪਈ ਹੈ। ਪਹਿਲਾਂ ਖਾਦ ਦੀ ਵੰਡ 80:20 ਦੇ ਹਿਸਾਬ ਨਾਲ ਸਹਿਕਾਰੀ ਸਭਾਵਾਂ ਅਤੇ ਨਿੱਜੀ ਵਪਾਰੀਆਂ ਰਾਹੀਂ ਹੁੰਦੀ ਸੀ, ਜੋ ਹੁਣ ਅੱਧੋ-ਅੱਧ ਕਰ ਦਿੱਤੀ ਗਈ ਹੈ। ਤਹਿਸੀਲ ਦੀਆਂ 31 ਸਹਿਕਾਰੀ ਸਭਾਵਾਂ ਪੱਲੇ ਕੁੱਝ ਨਹੀਂ ਪੈ ਰਿਹਾ। ਮਾਰਕਫੈਡ ਤੇ ਇਫਕੋ ਨੇ ਡੀਏਪੀ ਖਾਦ ਸਪਲਾਈ ਕਰਨੀ ਹੁੰਦੀ ਹੈ ਪਰ ਇਹ ਏਜੰਸੀਆਂ ਹਾਲੇ ਤਕ ਲੋੜੀਂਦੀ ਖਾਦ ਸਪਲਾਈ ਨਹੀਂ ਕਰ ਸਕੀਆਂ। ਡੀਏਪੀ ਖਾਦ ਬਾਜ਼ਾਰ ’ਚੋਂ ਸੌਖਿਆਂ ਨਹੀਂ ਮਿਲਦੀ। ਖਾਦ ਵਿਕਰੇਤਾ 1200 ਰੁਪਏ ਵਾਲਾ ਗੱਟਾ 1400 ਰੁਪਏ ’ਚ ਵੇਚ ਰਹੇ ਹਨ। ਖਾਦ ਨਾ ਮਿਲਣ ਕਾਰਨ ਅੱਜ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਖਾਦ ਵਿਕਰੇਤਾ ਵਿਜੈ ਕੁਮਾਰ ਨੇ ਦੱਸਿਆ ਕਿ ਇਹ ਸੰਕਟ ਕੇਂਦਰ ਦੀ ਢਿੱਲ ਮੱਠ ਕਾਰਨ ਖੜ੍ਹਾ ਹੋਇਆ ਹੈ।
ਮੁੱਖ ਖੇਤੀਬਾੜੀ ਅਫਸਰ ਡਾ. ਚਰਨਜੀਤ ਸਿੰਘ ਕੈਂਥ ਅਨੁਸਾਰ ਜ਼ਿਲ੍ਹੇ ਵਿੱਚ 1.12 ਲੱਖ ਹੈਕਟੇਅਰ ਕਣਕ ਦਾ ਰਕਬਾ ਕਾਸ਼ਤ ਅਧੀਨ ਹੋਣ ਦੀ ਸੰਭਾਵਨਾ ਹੈ ਪਰ ਡੀਏਪੀ ਖਾਦ ਦਾ ਤੋੜਾ ਨਹੀਂ ਪੈਣ ਦਿੱਤਾ ਜਾਵੇਗਾ।
ਡੀਏਪੀ ਦੀ ਘਾਟ ਕਾਰਨ ਕਣਕ ਦੀ ਬਿਜਾਈ ਪੱਛੜੀ
ਮੰਡੀ ਘੁਬਾਇਆ (ਕੁਲਦੀਪ ਸਿੰਘ ਬਰਾੜ): ਡੀਏਪੀ ਦੀ ਘਾਟ ਕਾਰਨ ਕਿਸਾਨਾਂ ਨੂੰ ਕਣਕ ਦੀ ਬਿਜਾਈ ਵਿੱਚ ਵੀ ਸਮੱਸਿਆ ਆ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਚਰਨ ਸਿੰਘ ਬਰਾੜ ਨੇ ਕਿਹਾ ਕਿ ਕਿਸਾਨਾਂ ਨੂੰ ਕਣਕ ਦੀ ਬਿਜਾਈ ਵਿਚ ਭਾਰੀ ਦਿੱਕਤ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਚੁੱਕੀਆਂ ਹਨ, ਉਨ੍ਹਾਂ ਕੋਲ ਨਾ ਤਾਂ ਸੁਸਾਇਟੀਆਂ ਭਰਨ ਜੋਗੇ ਪੈਸੇ ਹਨ ਅਤੇ ਨਾ ਹੀ ਇੰਨੀ ਸਮਰੱਥਾ ਹੈ ਕਿ ਉਹ ਦੁਕਾਨਦਾਰਾਂ ਕੋਲੋਂ ਬੀਜ ਅਤੇ ਖਾਦਾਂ ਮੁੱਲ ਲੈ ਆ ਸਕਦੇ ਹਨ। ਸਰਕਾਰ ਨੂੰ ਛੇ ਮਹੀਨੇ ਪਹਿਲਾਂ ਹੀ ਡੀਏਪੀ ਦਾ ਸਟਾਕ ਕਰ ਕੇ ਕਿਸਾਨਾਂ ਨੂੰ ਮੁਹੱਈਆ ਕਰਵਾਉਣਾ ਚਾਹੀਦਾ ਸੀ।