ਪੱਤਰ ਪ੍ਰੇਰਕ
ਭੁੱਚੋ ਮੰਡੀ, 16 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਬੈਸਟ ਪਰਾਈਸ ਮਾਲ ਅੱਗੇ 289 ਦਿਨਾਂ ਤੋਂ ਚੱਲ ਰਿਹਾ ਮੋਰਚਾ ਅੱਜ ਵੀ ਜਾਰੀ ਰਿਹਾ। ਇਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਸ਼ਾਮਲ ਸਨ। ਉਨ੍ਹਾਂ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬਿੱਕਰ ਸਿੰਘ ਪੂਹਲਾ ਨੇ ਕਿਸਾਨੀ ਗੀਤ ਪੇਸ਼ ਕੀਤੇ ਅਤੇ ਮੰਚ ਸੰਚਾਲਨ ਬਲਤੇਜ ਸਿੰਘ ਚੱਕ ਫਤਿਹ ਸਿੰਘ ਵਾਲਾ ਨੇ ਕੀਤਾ। ਇਸ ਮੌਕੇ ਕਿਸਾਨ ਆਗੂ ਗੁਰਮੇਲ ਸਿੰਘ ਨਥਾਣਾ ਅਤੇ ਮਾਸਟਰ ਇਕਬਾਲ ਸਿੰਘ ਭੈਣੀ ਨੇ ਕਿਹਾ ਕਿ ਮਜ਼ਦੂਰਾਂ ਵੱਲੋਂ 9, 10 ਅਤੇ 11 ਅਗਸਤ ਨੂੰ ਪਟਿਆਲੇ ਵਿੱਚ ਆਪਣੀਆਂ ਅਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਧਰਨਾ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਮਜ਼ਦੂਰਾਂ ਦਾ ਡਟਵਾਂ ਸਾਥ ਦਿੱਤਾ ਜਾਵੇਗਾ।
ਕਿਸਾਨਾਂ ’ਤੇ ਦੇਸ਼-ਧ੍ਰੋਹ ਦੇ ਕੇਸ ਦਰਜ ਕਰਨ ਦੀ ਨਿਖੇਧੀ
ਸਿਰਸਾ (ਪ੍ਰਭੂ ਦਿਆਲ): ਇਥੋਂ ਦੀ ਚੌਧਰੀ ਦੇਵੀ ਲਾਲ ਯੂਨੀਵਰਸਿਟੀ ’ਚ ਭਾਜਪਾ ਆਗੂਆਂ ਨੂੰ ਕਾਲੇ ਝੰਡੇ ਦਿਖਾਉਂਦੇ ਕਿਸਾਨਾਂ ’ਤੇ ਦੇਸ਼ਧ੍ਰੋਹ ਤੇ ਹੋਰ ਗੰਭੀਰ ਧਾਰਾਵਾਂ ਤਹਿਤ ਪੁਲੀਸ ਵੱਲੋਂ ਕੇਸ ਦਰਜ ਕੀਤੇ ਜਾਣ ਦੀ ਚੌਂਹ ਪਾਸਿਓਂ ਨਿੰਦਾ ਕੀਤੀ ਜਾ ਰਹੀ ਹੈ। ਵੱਖ-ਵੱਖ ਜਥੇਬੰਦੀਆਂ ਨੇ ਕਿਸਾਨਾਂ ’ਤੇ ਦਰਜ ਦੇਸ਼ਧ੍ਰੋਹ ਦੇ ਮੁਕੱਦਮਿਆਂ ਨੂੰ ਫੌਰੀ ਰੱਦ ਕਰਨ ਦੀ ਮੰਗ ਕੀਤੀ ਹੈ। ਜਮਹੂਰੀ ਅਧਿਕਾਰੀ ਸਭਾ ਹਰਿਆਣਾ ਦੇ ਕਨਵੀਨਰ ਡਾ. ਸੁਖਦੇਵ ਸਿੰਘ ਅਤੇ ਪ੍ਰੈਸ ਸਕੱਤਰ ਦਵਿੰਦਰ ਰਾਣੀਆਂ ਨੇ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਹੈ ਕਿ ਹਰਿਆਣਾ ਸਰਕਾਰ ਸ਼ਾਂਤੀਪੂਰਨ ਤਰੀਕੇ ਨਾਲ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਉਕਸਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਸਿਰਸਾ ’ਚ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਕਰਨ ਦੀ ਮੰਗ
ਬਰਨਾਲਾ (ਪਰਸ਼ੋਤਮ ਬੱਲੀ): ਇਥੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਲੱਗਾ ਧਰਨਾ 289ਵੇਂ ਦਿਨ ਵੀ ਰੋਹ ਭਰਪੂਰ ਮਘਦਾ ਰਿਹਾ। ਅੱਜ ਦੇ ਬੁਲਾਰਿਆਂ ’ਚ ਸ਼ਾਮਿਲ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਪਵਿੱਤਰ ਸਿੰਘ ਲਾਲੀ, ਨਛੱਤਰ ਸਿੰਘ ਸਾਹੌਰ, ਬਲਵੰਤ ਸਿੰਘ ਠੀਕਰੀਵਾਲਾ, ਗੁਰਮੇਲ ਸ਼ਰਮਾ, ਬਲਜੀਤ ਚੌਹਾਨਕੇ, ਮੇਲਾ ਸਿੰਘ ਕੱਟੂ, ਸਰਪੰਚ ਗੁਰਚਰਨ ਸਿੰਘ ਸੁਰਜੀਤਪੁਰਾ, ਗੋਰਾ ਸਿੰਘ ਢਿਲਵਾਂ ਨੇ ਕਿਹਾ ਕਿ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨਾਂ ਨੂੰ ਦੇਸ਼-ਧ੍ਰੋਹੀ ਗਰਦਾਨਿਆ ਜਾ ਰਿਹਾ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਸਿਰਸਾ ’ਚ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਅਤੇ ਉਨ੍ਹਾਂ ਵਿਰੁੱਧ ਦਰਜ ਕੇਸ ਤੁਰੰਤ ਰੱਦ ਕੀਤੇ ਜਾਣ। ਬੁਲਾਰਿਆਂ ਆਖਿਆ ਕਿ ਆਉਂਦੇ ਪਾਰਲੀਮੈਂਟ ਸ਼ੈਸਨ ਦੌਰਾਨ ਕਿਸਾਨ ਅੰਦੋਲਨ ਨੂੰ ਹੋਰ ਤਿੱਖਾ ਤੇ ਵਿਆਪਕ ਬਣਾਇਆ ਜਾਵੇਗਾ। 17 ਜੁਲਾਈ ਨੂੰ ਸਾਰੇ ਸੰਸਦ ਮੈਂਬਰਾਂ ਨੂੰ ਈ- ਮੇਲ ਜਰੀਏ ਯਾਦਪੱਤਰ ਭੇਜੇ ਜਾਣਗੇ। ਹਰ ਦਿਨ 200 ਕਿਸਾਨ ਪਾਰਲੀਮੈਂਟ ਦਾ ਘਿਰਾਉ ਕਰਨ ਲਈ ਜਾਇਆ ਕਰਨਗੇ।