ਪੱਤਰ ਪ੍ਰੇਰਕ
ਬੋਹਾ, 22 ਫਰਵਰੀ
ਇਥੇ ਬੋਹਾ ਖੇਤਰ ਦੇ ਕਿਸਾਨ ਹੁਣ ਬੱਕਰੀ ਪਾਲਣ ਨੂੰ ਸਹਾਇਕ ਕਿੱਤੇ ਵਜੋਂ ਅਪਨਾਉਣ ਲੱਗੇ ਹਨ ਤੇ ਇਹ ਕਿੱਤਾ ਉਨ੍ਹਾਂ ਦੀ ਆਰਥਿਕ ਸਥਿਤੀ ਮਜ਼ਬੂਤ ਕਰਨ ਵਿੱਚ ਬਹੁਤ ਸਹਾਈ ਵੀ ਹੋ ਰਿਹਾ ਹੈ। ਲੱਖੀਵਾਲ ਢਾਣੀ ਵਿੱਚ ਕਿਸਾਨ ਦੀਦਾਰ ਸਿੰਘ ਪੁੱਤਰ ਬਲਵਿੰਦਰ ਸਿੰਘ ਦੇ ਬੱਕਰੀ ਫਾਰਮ ਵਿੱਚ ਤੋਤਾਪੁਰੀ, ਬੀਟਲ, ਅੰਬਰਸਰੀ, ਪਹਾੜੀ, ਸਿੰਗ ਰਹਿਤ ਤੇ ਦੇਸੀ ਕਿਸਮ ਦੀਆਂ ਵ਼ੱਖ-ਵੱਖ ਨਸਲਾਂ ਦੀਆਂ ਬੱਕਰੀਆਂ ਦੀ ਦਿੱਖ ਵੱਖਰੀ ਵੱਖਰੀ ਹੋਣ ਕਾਰਨ ਫਾਰਮ ’ਤੇ ਆਉਣ ਵਾਲੇ ਲੋਕਾਂ ਲਈ ਦਿਲਚਸਪੀ ਦਾ ਕਾਰਨ ਬਣੀ ਹੋਈ ਹੈ। ਫਾਰਮ ਦੇ ਮਾਲਕ ਦੀਦਾਰ ਸਿੰਘ ਨੇ ਦੱਸਿਆ ਕਿ ਬੱਕਰੀ ਜਾਂ ਬੱਕਰੇ ਦਾ ਮੁੱਲ ਉਸਦੀ ਨਸਲ ਅਨੁਸਾਰ ਹੀ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਬੀਟਲ ਨਸਲ ਦਾ ਬੱਕਰਾ ਇਸ ਨਸਲ ਨੂੰ ਅੱਗੇ ਤੋਰਨ ਲਈ ਹੀ ਦੋ ਲੱਖ ਰੁਪਏ ਤੱਕ ਵਿੱਕ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰੀ ਤੇ ਪਹਾੜੀ ਬੱਕਰੀ ਆਮ ਕਰਕੇ ਇਕ ਵੇਲੇ ਸਾਢੇ ਤਿੰਨ ਲਿਟਰ ਦੁੱਧ ਦਿੰਦੀ ਹੈ ਤੇ ਬੱਕਰੀਆਂ ਦਾ ਦੁੱਧ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਵਰਤਿਆ ਜਾਣ ਕਾਰਨ ਕਾਫੀ ਮਹਿੰਗੇ ਭਾਅ ਵਿੱਕਦਾ ਹੈ। ਉਨ੍ਹਾਂ ਦੱਸਿਆ ਕਿ ਇਕ ਬੱਕਰੀ ਸਾਲ ਵਿੱਚ ਦੋ ਵਾਰੀ ਬੱਚੇ ਪੈਦਾ ਕਰਦੀ ਹੈ ਤੇ ਤੇ ਉਹ ਸਮੇਂ-ਸਮੇਂ ’ਤੇ ਰਾਜਸਥਾਨ ਵੱਲੋਂ ਆਉਣ ਵਾਲੇ ਚਰਵਾਹੇ ਲੋਕਾਂ ਤੋਂ ਵੱਖ-ਵੱਖ ਨਸਲਾਂ ਦੀਆਂ ਬੱਕਰੀਆਂ ਖਰੀਦ ਕੇ ਅੱਗੇ ਵੇਚਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਬੱਕਰੀਆ ਲਈ ਵਿਸ਼ੇਸ ਪ੍ਰਕਾਰ ਦੀ ਫੀਡ ਵੀ ‘ਆਪ’ ਹੀ ਤਿਆਰ ਕਰਦੇ ਹਨ ਤੇ ਉਨ੍ਹਾਂ ਦਾ ਇਲਾਜ ਵੀ ‘ਆਪ’ ਹੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਬੱਕਰੀਆਂ ਦੇ ਪਾਲਣ ਵਿਚ ਉਨ੍ਹਾਂ ਦੀ ਪੂਰੀ ਸਹਾਇਤਾ ਕਰਦਾ ਹੈ ਤੇ ਭਵਿੱਖ ਵਿੱਚ ਉਹ ਇਸ ਫਾਰਮ ਨੂੰ ਹੋਰ ਵਿਕਸਤ ਕਰਨ ਦੀ ਯੋਜਨਾ ਬਣਾ ਰਹੇ ਹਨ।