ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 10 ਅਕਤੂਬਰ
ਖੇਤਰ ਦੇ ਕਿਸਾਨਾਂ ਨੇ ਕਿਸਾਨ ਜਥੇਬੰਦੀਆਂ ਦੇ ਬੈਨਰ ਹੇਠ ਕਪਾਹ ਮਿੱਲ ਮਾਲਕਾਂ ਵੱਲੋਂ ਧਰਮਕੰਡੇ ਉੱਤੇ ਫ਼ਸਲ ਦੀ ਟਰਾਲੀ ਤੋਲਣ ਦੇ ਇੱਵਜ ਵਿੱਚ ਅੱਧਾ ਕਿੱਲੋ ਪ੍ਰਤੀ ਕੁਇੰਟਲ ਦੀ ਕਾਟ ਕੱਟਣ ਦਾ ਵਿਰੋਧ ਕਰਦੇੇ ਹੋਏ ਮਾਰਕੀਟ ਕਮੇਟੀ ਦਫ਼ਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ, ਜਿਸ ਕਾਰਨ ਅਨਾਜ ਮੰਡੀ ਵਿੱਚ ਸ਼ਾਮ ਛੇ ਵਜੇ ਤੱਕ ਨਰਮੇ ਦੀ ਬੋਲੀ ਸ਼ੁਰੂ ਨਹੀਂ ਹੋ ਸਕੀ। ਫੈਕਟਰੀ ਮਾਲਕਾਂ ਅਤੇ ਕਿਸਾਨਾਂ ਦਾ ਮਸਲਾ ਸੁਲਝਾਉਣ ਲਈ ਐੱਸਡੀਐੱਮ ਉਦੈ ਸਿੰਘ ਦੀ ਪ੍ਰਧਾਨਗੀ ਹੇਠ ਮਾਰਕੀਟ ਕਮੇਟੀ ਦੇ ਦਫ਼ਤਰ ਵਿੱਚ ਕਮੇਟੀ ਦੇ ਸਕੱਤਰ ਮੇਜਰ ਸਿੰਘ ਸਿੱਧੂ ਅਤੇ ਥਾਣਾ ਮੁਖੀ ਰਾਜਾ ਰਾਮ ਦੀ ਹਾਜ਼ਰੀ ਵਿੱਚ ਮੀਟਿੰਗਾਂ ਵੀ ਹੋਈਆਂ ਪਰ ਗੱਲ ਸਿਰੇ ਨਹੀਂ ਚੜ੍ਹ ਸਕੀ। ਇਸ ਦੌਰਾਨ ਮਾਰਕੀਟ ਕਮੇਟੀ ਨੇ 9 ਫੈਕਟਰੀਆਂ ਦੇ ਲਾਈਸੈਂਸ ਇੱਕ ਹਫ਼ਤੇ ਲਈ ਮੁਅੱਤਲ ਕਰ ਦਿੱਤੇ ਹਨ, ਜਿਸ ਦਾ ਖੁਲਾਸਾ ਮਾਰਕੀਟ ਕਮੇਟੀ ਦੇ ਸਕੱਤਰ ਮੇਜਰ ਸਿੰਘ ਸਿੱਧੂ ਨੇ ਦਿੱਤੀ ਹੈ। ਐੱਸਡੀਐੱਮ ਉਦੈ ਸਿੰਘ ਨੇ ਦੋਵਾਂ ਧਿਰਾਂ ਨੂੰ ਸਮਝਾ ਕੇ ਮਾਮਲੇ ਨੂੰ ਨਬਿੇੜਨ ਦੀ ਕੋਸ਼ਿਸ਼ ਕੀਤੀ ਪਰ ਫੈਕਟਰੀ ਮਾਲਕ ਇਸ ਗੱਲ ਉੱਤੇ ਕਾਇਮ ਰਹੇ ਕਿ ਉਹ ਤਕੜੀ ਵਾਲੇ ਕੰਡੇ ਨਾਲ ਹੀ ਫ਼ਸਲ ਦੀ ਤੁਲਾਈ ਕਰਵਾਉਣਗੇ, ਜਿਸ ਕਰਕੇ ਮਾਮਲੇ ਦਾ ਨਬਿੇੜਾ ਨਹੀਂ ਹੋ ਸਕਿਆ। ਕਿਸਾਨ ਆਗੂ ਗੁਰਦਾਸ ਸਿੰਘ ਲੱਕੜਵਾਲੀ ਅਤੇ ਬਲਵੰਤ ਸਿੰਘ ਕੇਵਲ ਨੇ ਕਿਹਾ ਕਿ ਅਨਾਜ ਮੰਡੀ ਵਿੱਚ ਨਰਮੇ ਦੀ ਬੋਲੀ ਹੋਣ ਉੱਤੇ ਜਦੋਂ ਕਿਸਾਨ ਨਰਮੇ ਦੀ ਟਰਾਲੀ ਲੈ ਕੇ ਫੈਕਟਰੀ ਵਿੱਚ ਤੋਲਣ ਲਈ ਜਾਂਦਾ ਹੈ ਤਾਂ ਉੱਥੇ ਉੱਤੇ ਫੈਕਟਰੀ ਮਾਲਕ ਵੱਲੋਂ ਧਰਮਕੰਡੇ ਉੱਤੇ ਫਸਲ ਦੀ ਟਰਾਲੀ ਤੋਲਣ ਦੇ ਇਵਜ ਵਿੱਚ ਅੱਧਾ ਕਿੱਲੋ ਪ੍ਰਤੀ ਕੁਇੰਟਲ ਦੀ ਕਾਟ ਕੱਟੀ ਜਾਂਦੀ ਹੈ, ਜੋ ਸਰਾਸਰ ਗ਼ਲਤ ਹੈ, ਜੋ ਬੰਦ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਫੈਕਟਰੀਆਂ ਵਿੱਚ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਕੰਡੇ ਲੱਗੇ ਹੋਏ ਹਨ ਤਾਂ ਫ਼ਸਲ ਦਾ ਵਜ਼ਨ ਕਰਦੇ ਸਮੇਂ ਕਾਟ ਕਿਸ ਗੱਲ ਦੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਬੇਮੌਸਮੇ ਮੀਂਹ ਅਤੇ ਗੁਲਾਬੀ ਸੁੰਡੀ ਦੇ ਕਹਿਰ ਕਾਰਨ ਕਿਸਾਨਾਂ ਦੀ ਫ਼ਸਲ ਪਹਿਲਾਂ ਹੀ ਜ਼ਿਆਦਾਤਰ ਖ਼ਰਾਬ ਹੋ ਚੁੱਕੀ ਹੈ। ਅਜਿਹੇ ਵਿੱਚ ਵਜ਼ਨ ਦੇ ਨਾਂ ਉੱਤੇ ਕਾਟ ਕੱਟਣੀ ਗ਼ਲਤ ਹੈ। ਫੈਕਟਰੀ ਮਾਲਕ ਸੁਰੇਸ਼ ਗੋਇਲ ਨੇ ਕਿਹਾ ਕਿ ਕੰਡੇ ਦੇ ਵਜ਼ਨ ਵਿੱਚ ਇੱਕ-ਦੂਜੇ ਕੰਡੇ ਦੇ ਵਜ਼ਨ ਦਾ ਮਿਲਾਨ ਨਹੀਂ ਹੁੰਦਾ। ਅਜਿਹੇ ਵਿੱਚ ਵਜ਼ਨ ਵਿੱਚ ਫਰਕ ਆਉਣ ਉੱਤੇ ਕਿਸਾਨ ਹੋਰ ਕਿਸਾਨਾਂ ਨੂੰ ਇਕੱਠੇ ਕਰਕੇ ਫੈਕਟਰੀ ਵਿੱਚ ਹੰਗਾਮਾ ਕਰਦੇ ਹਨ ਅਤੇ ਇੱਥੇ ਤੱਕ ਕਿ ਉਨ੍ਹਾਂ ਨੂੰ ਅਪਸ਼ਬਦ ਵੀ ਬੋਲਦੇ ਹਨ, ਜਿਸ ਕਾਰਨ ਉਨ੍ਹਾਂ ਨੇ ਇਸ ਵਾਰ ਫਸਲ ਧਰਮਕੰਡੇ ਦੀ ਬਜਾਏ ਤਕੜੀ ਵਾਲੇ ਕੰਡੇ ਨਾਲ ਤੁਲਵਾਉਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਕੰਡੇ ਉੱਤੇ ਕਾਟ ਕੱਟਣ ਉੱਤੇ ਇਤਰਾਜ਼ ਹੈ ਤਾਂ ਉਹ ਤੱਕੜੀ ਵਾਲੇ ਕੰਡੇ ਨਾਲ ਫ਼ਸਲ ਤੁਲਵਾ ਸਕਦਾ ਹੈ ਜਿਸ ਉੱਤੇ ਕਿਸਾਨ ਸਹਿਮਤ ਨਹੀਂ ਹੋਏ। ਖ਼ਬਰ ਲਿਖੇ ਜਾਣ ਤੱਕ ਦੋਵਾਂ ਧਿਰਾਂ ’ਚ ਮੀਟਿੰਗ ਜਾਰੀ ਸੀ।
ਕਿਸਾਨਾਂ ਨਾਲ ਠੱਗੀ ਮਾਰਨ ਵਾਲਾ ਆੜ੍ਹਤੀ ਗ੍ਰਿਫ਼ਤਾਰ
ਟੱਲੇਵਾਲ: (ਪੱਤਰ ਪ੍ਰੇਰਕ): ਪਿੰਡ ਟੱਲੇਵਾਲ ਦੇ ਕਿਸਾਨਾਂ ਨਾਲ ਠੱਗੀ ਮਾਰਨ ਵਾਲੇ ਆੜ੍ਹਤੀਏ ਭਰਾਵਾਂ ਵਿੱਚੋਂ ਇੱਕ ਨੂੰ ਥਾਣਾ ਟੱਲੇਵਾਲ ਦੀ ਪੁਲੀਸ ਨੇ ਅਦਾਲਤ ਦੇ ਹੁਕਮਾਂ ’ਤੇ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਮਨੀਸ਼ ਕੁਮਾਰ ਨੇ ਦੱਸਿਆ ਕਿ ਨਾਹਰ ਸਿੰਘ ਵਾਸੀ ਟੱਲੇਵਾਲ ਦੇ ਬਿਆਨ ਦੇ ਆਧਾਰ ’ਤੇ ਜੂਨ 2020 ਵਿੱਚ ਪਿੰਡ ਟੱਲੇਵਾਲ ਦੇ ਤਿੰਨ ਭਰਾਵਾਂ ਕੁਲਵਿੰਦਰ ਸਿੰਘ, ਚਮਕੌਰ ਸਿੰਘ ਅਤੇ ਹਰਭਜਨ ਸਿੰਘ ਵਿਰੁੱਧ ਠੱਗੀ ਦਾ ਮਾਮਲਾ ਦਰਜ ਹੋਇਆ ਸੀ। ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਚਮਕੌਰ ਸਿੰਘ ਅਤੇ ਹਰਭਜਨ ਸਿੰਘ ਨੇ ਬਰਨਾਲਾ ਸ਼ੈਸ਼ਨ ਅਦਾਲਤ ਵਿੱਚੋਂ ਜ਼ਮਾਨਤ ਲੈ ਲਈ ਸੀ। ਜਦਕਿ ਕੁਲਵਿੰਦਰ ਸਿੰਘ ਦੀ ਜ਼ਮਾਨਤ ਰੱਦ ਹੋ ਗਈ ਸੀ। ਇਸ ਤੋਂ ਬਾਅਦ ਜ਼ਮਾਨਤ ਦਾ ਮਾਮਲਾ ਹਾਈ ਕੋਰਟ ਹੁੰਦੇ ਹੋਏ ਸੁਪਰੀਮ ਕੋਰਟ ਪਹੁੰਚ ਗਿਆ, ਜਿੱਥੋਂ ਮੁਲਜ਼ਮ ਦੀ ਜ਼ਮਾਨਤ ਖ਼ਾਰਜ ਹੋ ਗਈ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਅਦਾਲਤ ਵਲੋਂ ਹੁਕਮ ਜਾਰੀ ਕਰ ਦਿੱਤੇ ਗਏ। ਇਸ ਤੋਂ ਬਾਅਦ ਮੁਲਜ਼ਮ ਕੁਲਵਿੰਦਰ ਸਿੰਘ ਵਾਸੀ ਟੱਲੇਵਾਲ ਨੂੰ ਗ੍ਰਿਫ਼ਤਾਰ ਕਰਕੇ ਬਰਨਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਅੱਗੇ ਜੇਲ੍ਹ ਭੇਜ ਦਿੱਤਾ ਹੈ।