ਪੱਤਰ ਪ੍ਰੇਰਕ
ਸ਼ਹਿਣਾ, 13 ਜੁਲਾਈ
ਪਾਵਰਕੌਮ ਵੱਲੋਂ ਪਿੰਡਾਂ ਵਿੱਚ ਸਮਾਰਟ ਮੀਟਰ ਲਗਾਉਣ ਦੇ ਰੋਸ ਵਜੋਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕਾਈ ਸ਼ਹਿਣਾ ਦੇ ਆਗੂਆਂ ਨੇ ਪਾਰਵਕੌਮ ਦਫ਼ਤਰ ਸ਼ਹਿਣਾ ਅੱਗੇ ਪੰਜਾਬ ਸਰਕਾਰ ਅਤੇ ਪਾਵਰਕੌਮ ਦੇ ਅਧਿਕਾਰੀਆਂ ਵਿਰੁੱਧ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਗੁਰਪ੍ਰੀਤ ਸਿੰਘ ਗਿੱਲ ਇਕਾਈ ਪ੍ਰਧਾਨ, ਗੁਰਨਾਮ ਸਿੰਘ ਭੋਤਨਾ, ਰਣਜੀਤ ਸਿੰਘ ਟੱਲੇਵਾਲ, ਰਾਜਵਿੰਦਰ ਸਿੰਘ ਮੱਲ੍ਹੀ ਤੇ ਨਿਰਭੈ ਸਿੰਘ ਚੂੰਘਾ ਆਦਿ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ’ਤੇ ਪਿੰਡਾਂ ਵਿੱਚ ਸਮਾਰਟ ਮੀਟਰ ਨਹੀਂ ਲੱਗਣ ਦੇਣਗੇ।
ਉਨ੍ਹਾਂ ਕਿਹਾ ਕਿ ਪਾਵਰਕੌਮ ਸ਼ਹਿਣਾ ਦੇ ਅਧਿਕਾਰੀਆਂ ਵੱਲੋਂ ਚੈਕਿੰਗ ਦੌਰਾਨ ਪੁਰਾਣੇ ਮੀਟਰ ਉਤਾਰਨ ਮਗਰੋਂ ਚਿੱਪ ਵਾਲੇ ਮੀਟਰ ਲਾਏ ਜਾ ਰਹੇ ਹਨ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰਕੌਮ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਕਸਬਾ ਸ਼ਹਿਣਾ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਵਿੱਚੋਂ ਜੋ ਪੁਰਾਣੇ ਮੀਟਰ ਉਤਾਰੇ ਗਏ ਹਨ, ਉਹ ਤੁਰੰਤ ਲਗਾਏ ਜਾਣ। ਇਸ ਮੌਕੇ ਗੁਰਜੀਤ ਸਿੰਘ ਖੰਗੂੜਾ, ਹਰਦੀਪ ਸਿੰਘ, ਡਾ. ਰਘਬੀਰ ਸਿੰਘ ਸਰੰਦੀ, ਦੀਪਾ ਸਿੰਘ ਡੇਅਰੀ ਵਾਲਾ ਤੇ ਬਿੱਕਰ ਸਿੰਘ ਚੀਮਾ, ਮਨਜੀਤ ਸਿੰਘ ਮੱਲੀਆਂ ਤੇ ਗੁਰਚਰਨ ਸਿੰਘ ਆਦਿ ਹਾਜ਼ਰ ਸਨ।